“ਬਾਕੀ ਦੇ ਕੰਮ ਬਾਅਦ ’ਚ, ਪਹਿਲਾਂ ਸਿਹਤ ਜ਼ਰੂਰੀ ਏ’ਸਿਹਤਮੰਦ ਰਹਿਣ ਲਈ ਸਾਨੂੰ ਜ਼ਿਆਦਾ ਕੁਝ ਨਹੀਂ ਸਗੋਂ ਸਵੇਰੇ-ਸ਼ਾਮ ਸੈਰ ਕਰਨੀ ਚਾਹੀਦੀ ਹੈ।

ਸਿਹਤ ਸੰਭਾਲ -19 ਮਈ 2024

ਜ਼ਿੰਦਗੀ ਬਹੁਤ ਖੂਬਸੂਰਤ ਹੈ। ਅਸੀਂ ਜ਼ਿੰਦਗੀ ਦੇ ਹਰ ਪਲ ਦਾ ਅਨੰਦ ਮਾਣਦੇ ਹਾਂ। ਸਾਨੂੰ ਜ਼ਿੰਦਗੀ ਦੇ ਹਰ ਪਲ ਨੂੰ ਖੁਸ਼ੀ-ਖੁਸ਼ੀ ਜਿਊਣਾ ਚਾਹੀਦਾ ਹੈ। ਅੱਜ-ਕੱਲ੍ਹ ਤਾਂ ਉਂਜ ਹੀ ਜ਼ਿੰਦਗੀ ਬਹੁਤ ਛੋਟੀ ਹੋ ਚੁੱਕੀ ਹੈ। ਪਤਾ ਹੀ ਨਹੀਂ ਲੱਗਦਾ ਕਿ ਕਦੋਂ ਇਨਸਾਨ ਇਸ ਸੰਸਾਰ ਤੋਂ ਰੁਖਸਤ ਹੋ ਜਾਂਦਾ ਹੈ। ਇਨਸਾਨ ਦੀ ਜ਼ਿੰਦਗੀ ਅੱਜ-ਕੱਲ੍ਹ ਟੈਨਸ਼ਨ ਨਾਲ ਭਰ ਗਈ ਹੈ। ਛੋਟੀ-ਛੋਟੀ ਚੀਜ਼ ਦੀ ਟੈਨਸ਼ਨ ਲੈ ਕੇ ਇਨਸਾਨ ਆਪਣਾ ਜੀਵਨ ਨਰਕ ਬਣਾ ਰਿਹਾ ਹੈ।ਖਰਾਬ ਲਾਈਫ ਸਟਾਈਲ ਦੇ ਚੱਲਦੇ ਅੱਜ ਕੱਲ ਲੋਕ ਘੱਟ ਉਮਰ ‘ਚ ਹੀ ਬਿਮਾਰੀਆਂ ਦੇ ਘੇਰੇ ‘ਚ ਆ ਜਾਂਦੇ ਹਨ। ਕੋਈ ਸਮਾਂ ਸੀ ਜਦੋਂ ਲੋਕ ਸਵੇਰੇ ਜ਼ਲਦੀ ਉੱਠ ਕੇ ਸੈਰ ਕਰਨ ਜਾਂਦੇ ਸਨ। ਪਰ ਹੁਣ ਉਹ ਸਮਾਂ ਨਹੀਂ ਰਿਹਾ, ਹੁਣ ਲੋਕ ਸਵੇਰੇ-ਸਵੇਰੇ ਹੀ ਜਿੰਮਾਂ ਵੱਲ ਭੱਜਦੇ ਦੇਖੇ ਜਾਂਦੇ ਹਨ। ਜਿੰਮ ਵਿੱਚ ਅਸੀਂ ਬੰਦ ਕਮਰੇ ਵਿੱਚ ਵਰਜ਼ਿਸ਼ ਕਰਦੇ ਹਾਂ। ਉੱਥੇ ਚਾਲੀ-ਪੰਤਾਲੀ ਸਾਲ ਦੇ ਮਨੁੱਖ ਆਮ ਵੇਖੇ ਜਾਂਦੇ ਹਨ।

ਕਈ ਵਾਰ ਅਸੀਂ ਜਿੰਮ ਕਰਕੇ ਛੱਡ ਦਿੰਦੇ ਹਾਂ, ਫਿਰ ਆਮ ਵੇਖਿਆ ਜਾਂਦਾ ਹੈ ਕਿ ਜਿੰਮ ਛੱਡਣ ਨਾਲ ਭਾਰ ਵਧ ਜਾਂਦਾ ਹੈ, ਜਿਸ ਨਾਲ ਅਸੀਂ ਮੋਟੇ ਹੋ ਜਾਂਦੇ ਹਾਂ । ਠੀਕ ਹੈ ਕਿ ਜਿੰਮ ਵਿੱਚ ਅਸੀਂ ਮਸ਼ੀਨਾਂ ’ਤੇ ਵਰਜਿਸ਼ ਕਰਦੇ ਹਾਂ। ਪਰ ਜੋ ਸਵੇਰ ਦੀ ਸੈਰ ਦਾ ਅਨੰਦ ਹੈ, ਉਹ ਕਿਸੇ ਜਿੰਮ ’ਚੋਂ ਨਹੀਂ ਮਿਲ ਸਕਦਾ। ਜਿੰਮਾਂ ਵਿੱਚ ਅਸੀਂ ਵਰਜਿਸ਼ ਕਰਨ ਲਈ ਹਜ਼ਾਰਾਂ ਰੁਪਏ ਦਿੰਦੇ ਹਾਂ। ਪਰੰਤੂ ਕੁਦਰਤ ਦਾ ਅਨਮੋਲ ਤੋਹਫ਼ਾ ਸਵੇਰ ਦੀ ਸੈਰ ਅਸੀਂ ਨਹੀਂ ਕਰਦੇ।

ਸਵੇਰੇ ਜ਼ਲਦੀ ਉੱਠ ਕੇ ਤਾਜ਼ਾ ਹੋ ਕੇ ਸੈਰ ਕਰਨ ਲਈ ਨਿੱਕਲੋ। ਸਵੇਰੇ ਵਾਤਾਵਰਨ ਬਹੁਤ ਹੀ ਸਾਫ਼-ਸੁਥਰਾ ਹੁੰਦਾ ਹੈ। ਪੰਛੀਆਂ ਦੀਆਂ ਚਹਿਚਹਾਉਣ ਦੀਆਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਹਨ।ਸਵੇਰ ਦਾ ਨਜ਼ਾਰਾ ਬਹੁਤ ਹੀ ਖੂਬਸੂਰਤ ਹੁੰਦਾ ਹੈ। ਸਵੇਰ ਦੀ ਸੈਰ ਕਰਨ ਨਾਲ ਬੰਦਾ ਸਾਰਾ ਦਿਨ ਤਾਜ਼ਾ-ਤਾਜ਼ਾ ਅਨੁਭਵ ਕਰਦਾ ਹੈ। ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਚਿਹਰੇ ਦੀ ਰੌਣਕ ਵਧਦੀ ਹੈ। ਸਾਰਾ ਦਿਨ ਸੁਸਤੀ ਨਹੀਂ ਪੈਂਦੀ। ਅੱਖਾਂ ਦੀ ਰੌਸ਼ਨੀ ਵੀ ਵਧਦੀ ਹੈ।ਬੱਚਿਆਂ ਲਈ ਸਵੇਰ ਦੀ ਸੈਰ ਇੱਕ ਟਾਨਿਕ ਵਰਗੀ ਹੁੰਦੀ ਹੈ। ਜੇਕਰ ਬੱਚੇ ਸਵੇਰ ਦੀ ਸੈਰ ਕਰਨ ਤਾਂ ਉਨ੍ਹਾਂ ਦੀ ਯਾਦਸ਼ਕਤੀ ਤੇਜ਼ ਰਹਿੰਦੀ ਹੈ। ਬੱਚਿਆਂ ’ਚ ਹੋਰ ਵੀ ਵੱਧ ਚੁਸਤੀ ਆਉਂਦੀ ਹੈ। ਜੋ ਲੋਕ ਸਵੇਰ ਦੀ ਸੈਰ ਨਿਯਮਿਤ ਕਰਦੇ ਹਨ ਉਨ੍ਹਾਂ ਨੂੰ ਬਿਮਾਰੀਆਂ ਵੀ ਬਹੁਤ ਘੱਟ ਲੱਗਦੀਆਂ ਹਨ। ਅਸੀਂ ਦੇਖਿਆ ਹੈ ਕਿ ਜੋ ਸਵੇਰ ਦੀ ਸੈਰ ਕਰਦੇ ਹਨ ਉਹ ਕਦੇ ਵੀ ਬਜ਼ੁਰਗ ਜਿਹੇ ਨਹੀਂ ਲੱਗਦੇ ਹਾਲਾਂਕਿ ਉਨ੍ਹਾਂ ਦੀ ਉਮਰ ਚਾਹੇ ਸੱਤਰ ਸਾਲ ਹੋਵੇ।

ਸੋ ਜਿੰਨਾ ਵੀ ਹੋ ਸਕਦਾ ਹੈ ਸਵੇਰ ਦੀ ਸੈਰ ਕਰੋ ਕਿਉਂਕਿ ਸਵੇਰ ਦੀ ਸੈਰ ਕਰਨ ਨਾਲ ਬਿਮਾਰੀਆਂ ਸਰੀਰ ਨੂੰ ਨਹੀਂ ਚਿੰਬੜਦੀਆਂ। ਵਾਤਾਵਰਨ ’ਚ ਇਨਸੂਲਿਨ ਵੀ ਹੁੰਦੀ ਹੈ ਜੋ ਸ਼ੂਗਰ ਦੇ ਮਰੀਜ਼ਾਂ ਲਈ ਟਾਨਿਕ ਹੁੰਦੀ ਹੈ। ਇਹ ਇਨਸੂਲਿਨ ਸੂਰਜ ਚੜ੍ਹਨ ਤੋਂ ਪਹਿਲਾਂ-ਪਹਿਲਾਂ ਹੀ ਵਾਤਾਵਰਨ ਵਿੱਚ ਹੁੰਦੀ ਹੈ ਇਹ ਪਰਮਾਤਮਾ ਦਾ ਇੱਕ ਤਰ੍ਹਾਂ ਤੋਹਫਾ ਹੈ।ਆਓ! ਅਸੀਂ ਪ੍ਰਣ ਕਰੀਏ ਕਿ ਅਸੀਂ ਸਵੇਰ ਦੀ ਸੈਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ।ਜੇਕਰ ਤੁਸੀਂ ਸਵੇਰੇ-ਸ਼ਾਮ 20-25 ਮਿੰਟ ਸੈਰ ਕਰਨ ਦੀ ਆਦਤ ਬਣਾ ਲਈ ਤਾਂ ਬਿਮਾਰੀਆਂ ਤੁਹਾਡੇ ਕੋਲ ਨਹੀਂ ਆਉਣਗੀਆਂ।

ਕਿੰਨੇ ਸਮੇਂ ਅਤੇ ਕਿੰਨੇ ਕਦਮ ਚੱਲੋ?

ਮਾਹਿਰਾਂ ਮੁਤਾਬਕ ਹਰ ਵਿਅਕਤੀ ਨੂੰ ਰੋਜ਼ਾਨਾ 30 ਮਿੰਟ ਭਾਵ ਕਰੀਬ 10,000 ਕਦਮ (6-7 ਕਿਲੋਮੀਟਰ) ਚੱਲਣਾ ਚਾਹੀਦਾ। ਧਿਆਨ ਰੱਖੋ ਕਿ ਤੁਸੀਂ ਨਾਰਮਲ ਜਿਹਾ ਥੋੜ੍ਹਾ ਤੇਜ਼ ਚੱਲੋ। ਹਾਂ ਜੇਕਰ ਤੁਹਾਡੀ ਉਮਰ ਜ਼ਿਆਦਾ ਹੈ ਤਾਂ ਹੌਲੀ-ਹੌਲੀ ਚੱਲ ਸਕਦੇ ਹੋ। ਨਾਲ ਹੀ ਸੈਰ ਕਰਦੇ ਸਮੇਂ ਲੰਬਾ-ਲੰਬਾ ਸਾਹ ਲਓ ਤਾਂ ਜੋ ਫੇਫੜਿਆਂ ਨੂੰ ਭਰਪੂਰ ਆਕਸੀਜ਼ਨ ਮਿਲੇ।

ਕਿਸ ਉਮਰ ‘ਚ ਕਿੰਨਾ ਚੱਲਣਾ ਚਾਹੀਦਾ?

6 ਤੋਂ 17 ਸਾਲ—ਲੜਕੇ 15000 ਕਦਮ ਅਤੇ ਲੜਕੀਆਂ 12000 ਕਦਮ ਚੱਲ ਸਕਦੀਆਂ ਹਨ।

18 ਤੋਂ 40 ਸਾਲ—ਇਕ ਦਿਨ ‘ਚ 12000 ਕਦਮ

40 ਦੇ ਪਾਰ—ਦਿਨ ‘ਚ 11000 ਕਦਮ

50 ਦੀ ਉਮਰ—ਪ੍ਰਤੀਦਿਨ 10000 ਕਦਮ

60 ਸਾਲ—ਰੋਜ਼ਾਨਾ ਦਿਨ ‘ਚ 8000 ਕਦਮ

ਉੱਧਰ ਬਜ਼ੁਰਗ ਉਦੋਂ ਤੱਕ ਸੈਰ ਕਰ ਸਕਦੇ ਹਨ ਜਦੋਂ ਤੱਕ ਉਨ੍ਹਾਂ ਨੂੰ ਥਕਾਵਟ ਮਹਿਸੂਸ ਨਾ ਹੋਵੇ।  ਚੱਲੋ ਅੱਜ ਤੁਹਾਨੂੰ ਦੱਸਦੇ ਹਾਂ ਕਿ ਰੋਜ਼ਾਨਾ ਸੈਰ ਕਰਨ ਨਾਲ ਕੀ-ਕੀ ਫਾਇਦੇ ਮਿਲਦੇ ਹਨ…

ਭਾਰ ਹੋਵੇਗਾ ਘੱਟ

ਸਵੇਰੇ-ਸ਼ਾਮ ਸੈਰ ਕਰਨ ਨਾਲ ਸਿਰਫ 3500 ਕੈਲੋਰੀ ਬਰਨ ਹੁੰਦੀ ਹੈ, ਜਿਸ ਨਾਲ ਭਾਰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ। ਸੈਰ ਕਰਨੀ ਹਰ ਉਮਰ ਦੇ ਲੋਕਾਂ ਲਈ ਫਾਇਦੇਮੰਦ ਹੈ।

ਦਿਲ ਨੂੰ ਰੱਖੇ ਸਿਹਤਮੰਦ

ਸਵੇਰੇ—ਸ਼ਾਮ ਦੀ ਸੈਰ ਤੁਹਾਡੇ ਦਿਲ ਨੂੰ ਵੀ ਜਵਾਨ ਰੱਖਣ ‘ਚ ਮਦਦ ਕਰਦੀ ਹੈ। ਰੋਜ਼ਾਨਾ 15000 ਕਦਮ ਚੱਲਣ ਵਾਲੇ ਲੋਕਾਂ ਨੂੰ ਦਿਲ ਨਾਲ ਜੁੜੀਆਂ ਬਿਮਾਰੀਆਂ ਘੱਟ ਹੁੰਦੀਆਂ ਹਨ। ਦਰਅਸਲ ਸੈਰ ਕਰਨ ਨਾਲ ਬਲੱਡ ਸਰਕੁਲੇਸ਼ਨ ਵੱਧਦਾ ਹੈ ਅਤੇ ਕੈਲੇਸਟਰੋਲ ਕੰਟਰੋਲ ‘ਚ ਰਹਿੰਦਾ ਹੈ।

ਬਲੱਡ ਪ੍ਰੈੱਸ਼ਰ ਕਰੇ ਕੰਟਰੋਲ ‘ਚ

ਬਲੱਡ ਪ੍ਰੈੱਸ਼ਰ ਦਾ ਵੱਧਣਾ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਅਜਿਹੇ ‘ਚ ਸੈਰ ਕਰਨਾ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਰੋਜ਼ ਸਵੇਰੇ-ਸ਼ਾਮ ਸੈਰ ਕਰਨ ਨਾਲ ਬਲੱਡ ਪ੍ਰੈੱਸ਼ਰ ਠੀਕ ਰਹਿੰਦਾ ਹੈ।

ਮਾਨਸਿਕ ਤੌਰ ‘ਤੇ ਰਹੋਗੇ ਸਿਹਤਮੰਦ

ਸੈਰ ਕਰਨ ਨਾਲ ਦਿਮਾਗ ਅਤੇ ਤੰਤਰਿਕਾ ਤੰਤਰ ‘ਚ ਮੌਜੂਦ ਹਾਰਮੋਨ ਐਕਟਿਵ ਰਹਿੰਦੇ ਹਨ, ਜਿਸ ਨਾਲ ਯਾਦਦਾਸ਼ਤ ਸਹੀ ਰਹਿੰਦੀ ਹੈ। ਇਸ ਨਾਲ ਤਣਾਅ, ਡਿਮੇਸ਼ੀਆ, ਡਿਪਰੈਸ਼ਨ ਅਤੇ ਅਲਜ਼ਾਈਮਰ ਦਾ ਖਤਰਾ ਵੀ ਘੱਟ ਹੁੰਦਾ ਹੈ।

ਫੇਫੜੇ ਰਹਿੰਦੇ ਹਨ ਸਿਹਤਮੰਦ

ਕੋਰੋਨਾ ਕਾਲ ‘ਚ ਤਾਂ ਸੈਰ ਕਰਨਾ ਲੋਕਾਂ ਲਈ ਹੋਰ ਵੀ ਜ਼ਰੂਰੀ ਹੈ ਕਿਉਂਕਿ ਇਸ ਨਾਲ ਫੇਫੜੇ ਸਿਹਤਮੰਦ ਰਹਿੰਦੇ ਹਨ। ਦੱਸ ਦੇਈਏ ਕਿ ਵਾਇਰਸ ਸਭ ਤੋਂ ਜ਼ਿਆਦਾ ਅਸਰ ਫੇਫੜਿਆਂ ‘ਤੇ ਪਾਉਂਦਾ ਹੈ, ਜਿਸ ਨਾਲ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਅਜਿਹੇ ‘ਚ ਸੈਰ ਕਰਨਾ ਤੁਹਾਡੇ ਲਈ ਬਿਹਤਰ ਵਿਕਲਪ ਹੈ।

ਪੇਟ ਰਹਿੰਦਾ ਹੈ ਸਾਫ

ਕਬਜ਼, ਗੈਸ, ਵਰਗੀ ਸਮੱਸਿਆ ਰਹਿੰਦੀ ਹੈ ਤਾਂ ਸਵੇਰੇ ਜਾਂ ਸ਼ਾਮ 20-25 ਮਿੰਟ ਸੈਰ ਕਰੋ। ਇਸ ਤੋਂ ਇਲਾਵਾ ਭੋਜਨ ਖਾਣ ਤੋਂ ਬਾਅਦ ਵੀ 10 ਮਿੰਟ ਚੱਲੋ। ਇਸ ਨਾਲ ਤੁਹਾਨੂੰ ਕਦੇ ਵੀ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।