ਸਵਾਤੀ ਮਾਲੀਵਾਲ ‘ਤੇ ਹਮਲੇ ਦੇ ਮਾਮਲੇ ‘ਚ ਦੋਸ਼ੀ ਵਿਭਵ ਕੁਮਾਰ ਨੂੰ ਦਿੱਲੀ ਪੁਲਿਸ ਨੇ ਮੁੱਖ ਮੰਤਰੀ ਕੇਜਰੀਵਾਲ ਦੇ ਘਰ ਤੋਂ ਹਿਰਾਸਤ ‘ਚ ਲਿਆ

18 ਮਈ 2024

ਦਿੱਲੀ ਪੁਲਿਸ ਨੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਤੇ ਸੀਐਮ ਹਾਊਸ ‘ਚ ਕੁੱਟਮਾਰ ਦੇ ਮਾਮਲੇ ‘ਚ ਦੋਸ਼ੀ ਵਿਭਵ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਵਿਭਵ ਨੂੰ ਕੁਝ ਸਮਾਂ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਸੀਐੱਮ ਹਾਊਸ ਤੋਂ ਹਿਰਾਸਤ ‘ਚ ਲਿਆ ਗਿਆ ਸੀ ਅਤੇ ਉਥੋਂ ਪੁਲਸ ਉਸ ਨੂੰ ਸਿਵਲ ਲਾਈਨ ਥਾਣੇ ਲੈ ਗਈ ਸੀ। ਦਿੱਲੀ ਪੁਲਿਸ ਨੂੰ ਇਨਪੁਟ ਮਿਲਿਆ ਸੀ ਕਿ ਵਿਭਵ ਦਿੱਲੀ ਤੋਂ ਬਾਹਰ ਨਹੀਂ ਸੀ ਸਗੋਂ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਹੀ ਮੌਜੂਦ ਸੀ।

ਜਿਵੇਂ ਹੀ ਪੁਲਸ ਵਿਭਵ ਨੂੰ ਲੈ ਕੇ ਸਿਵਲ ਲਾਈਨ ਥਾਣੇ ਪਹੁੰਚੀ ਤਾਂ ‘ਆਪ’ ਦੇ ਲੀਗਲ ਸੈੱਲ ਦੇ ਮੁਖੀ ਸੰਜੀਵ ਨਸੀਅਰ ਨੇ ਜ਼ਬਰਦਸਤੀ ਉਥੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਉਸ ਨੂੰ ਧੱਕਾ ਦੇ ਦਿੱਤਾ। ਕਈ ਟੀਮਾਂ ਲਗਾਤਾਰ ਵਿਭਵ ਦੀ ਭਾਲ ਕਰ ਰਹੀਆਂ ਸਨ ਅਤੇ ਆਖਰਕਾਰ ਵਿਭਵ ਨੂੰ ਸੀਐਮ ਰਿਹਾਇਸ਼ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ

ਦਰਅਸਲ 13 ਮਈ ਨੂੰ ਸਵਾਤੀ ਮਾਲੀਵਾਲ ‘ਤੇ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਸੀ ਅਤੇ ਉਸ ਨੇ ਅਰਵਿੰਦ ਕੇਜਰੀਵਾਲ ਦੇ ਕਰੀਬੀ ਵਿਭਵ ਕੁਮਾਰ ‘ਤੇ ਗੰਭੀਰ ਦੋਸ਼ ਲਗਾਏ ਸਨ। ਇਸ ਤੋਂ ਬਾਅਦ ਉਸ ਨੇ ਐੱਫਆਈਆਰ ਦਰਜ ਕਰਵਾਈ ਅਤੇ ਸ਼ੁੱਕਰਵਾਰ ਨੂੰ ਅਦਾਲਤ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ, ਜਿਸ ‘ਚ ਵਿਭਵ ‘ਤੇ ਗੰਭੀਰ ਦੋਸ਼ ਲਗਾਏ ਗਏ ਸਨ। ਮਾਮਲਾ ਦਰਜ ਕਰਨ ਤੋਂ ਬਾਅਦ ਦਿੱਲੀ ਪੁਲਿਸ ਵਿਭਵ ਨੂੰ ਗ੍ਰਿਫਤਾਰ ਕਰਨ ਲਈ ਉਸ ਦੇ ਟਿਕਾਣੇ ਦੀ ਲਗਾਤਾਰ ਜਾਂਚ ਕਰ ਰਹੀ ਸੀ।