ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਬੱਸ ਡਰਾਈਵਰ ਨੂੰ ਮਾਰੀ ਟੱਕਰ, ਮੋਕੇ ਤੇ ਹੀ ਹੋਈ ਮੌਤ।
ਪੰਜਾਬ ਨਿਊਜ਼-5 ਮਈ 2024
ਪੰਜਾਬ ਵਿੱਚ ਦਿਨ -ਬ -ਦਿਨ ਸੜਕੀ ਹਾਦਸੇ ਬਹੁਤ ਵਧ ਗਏ ਹਨ।ਜਿਸ ਕਾਰਨ ਅਨੇਕਾਂ ਹੀ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ। ਇਸ ਤਰ੍ਹਾਂ ਅੱਜ ਸਵੇਰੇ ਹੀ ਨਾਭਾ ਐਸਡੀਐਮ ਰਿਹਾਇਸ਼ ਦੇ ਸਾਹਮਣੇ ਜਿੱਥੇ ਪੀਆਰਟੀਸੀ ਬੱਸ ਦਾ ਡਰਾਈਵਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੀ ਡਿਊਟੀ ਤੇ ਜਾ ਰਿਹਾ ਸੀ ਤਾਂ ਉਸ ਨੂੰ ਕਿਸੇ ਅਣਪਛਾਤੇ ਵਹੀਕਲ ਨੇ ਟੱਕਰ ਮਾਰ ਦਿੱਤੀ ਤਾਂ ਹਾਦਸੇ ਦੌਰਾਨ ਬੱਸ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ।
ਮ੍ਰਿਤਕ ਡਰਾਈਵਰ ਦੀ ਪਹਿਚਾਨ ਜਤਿੰਦਰ ਸਿੰਘ ਉਮਰ 35 ਸਾਲਾਂ ਵਜੋਂ ਹੋਈ ਹੈ ਜੋ ਨਾਭਾ ਦਾ ਰਹਿਣ ਵਾਲਾ ਹੈ। ਮ੍ਰਿਤਕ ਜਤਿੰਦਰ ਸਿੰਘ ਮਾਂ ਦਾ ਇਕਲੋਤਾ ਹੀ ਸਹਾਰਾ ਸੀ ਅਤੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪੁੱਤਰ ਦੇ ਸਹਾਰੇ ਹੀ ਮਾਂ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੀ ਸੀ, ਹਰ ਰੋਜ਼ ਦੀ ਤਰ੍ਹਾਂ ਸਵੇਰੇ ਮਾਂ ਨੇ ਆਪਣੇ ਪੁੱਤਰ ਨੂੰ ਘਰੋਂ ਡਿਊਟੀ ਤੇ ਜਾਣ ਲਈ ਰਵਾਨਾ ਕੀਤਾ!ਜਤਿੰਦਰ ਸਿੰਘ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਘਰ ਤੋਂ ਕਰੀਬ ਦੋ ਕਿਲੋਮੀਟਰ ਦੀ ਦੂਰੀ ਤੇ ਹੀ ਕਿਸੇ ਅਣਪਛਾਤੇ ਵਾਹਣ ਨੇ ਜਤਿੰਦਰ ਸਿੰਘ ਨੂੰ ਟੱਕਰ ਮਾਰ ਦਿੱਤੀ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ।
ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਦੇ ਲਈ ਭੇਜ ਦਿੱਤੀ। ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ। ਉੱਥੇ ਹੀ ਨਾਲ ਕੰਮ ਕਰਦੇ ਬੱਸ ਕੰਡਕਟਰ ਵੀ ਰੋਂਦਾ ਵਿਖਾਈ ਦਿੱਤਾ। ਜਦੋਂ ਮਾਂ ਨੇ ਆਪਣੇ ਪੁੱਤਰ ਦੀ ਲਾਸ਼ ਸੜਕ ਤੇ ਵੇਖੀ ਤਾਂ ਉਸਦੇ ਪੈਰਾਂ ਹੇਠ ਜਮੀਨ ਕਿਸਕੀ ਅਤੇ ਰੋ ਰੋ ਕੇ ਬੁਰਾ ਹਾਲ ਹੋ ਗਿਆ ਕਿਉਂਕਿ ਮਾਂ ਆਪਣੇ ਪੁੱਤਰ ਦੇ ਸਹਾਰੇ ਹੀ ਜਿੰਦਗੀ ਬਸਰ ਕਰ ਰਹੀ ਸੀ ਅਤੇ ਪੁੱਤਰ ਵੀ ਮੌਤ ਦੇ ਮੂੰਹ ਵਿੱਚ ਚਲਾ ਗਿਆ।