ਕਾਂਗਰਸ ਛੱਡਣ ਮਗਰੋਂ ਅਗਲੇ ਹੀ ਦਿਨ ਦਲਵੀਰ ਗੋਲਡੀ ਆਮ ਆਦਮੀ ਪਾਰਟੀ ‘ਚ ਸ਼ਾਮਲ।

ਪੰਜਾਬ ਨਿਊਜ਼ -1 ਮਈ 2024

ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਕਾਂਗਰਸ ਛੱਡਣ ਮਗਰੋਂ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਦਲਵੀਰ ਗੋਲਡੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਸੰਗਰੂਰ ਤੋਂ ਪਾਰਟੀ ਉਮੀਦਵਾਰ ਮੀਤ ਹੇਅਰ ਨੇ ਜੁਆਇਨ ਕਰਵਾਇਆ। ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਨਾ ਮਿਲਣ ਕਾਰਨ ਬੀਤੇ ਦਿਨ ਹੀ ਦਲਵੀਰ ਗੋਲਡੀ ਨੇ ਕਾਂਗਰਸ ਤੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਦੱਸ ਦਈਏ ਕਿ ਇਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਗੜ੍ਹ ਸੰਗਰੂਰ ‘ਚ ਕਾਂਗਰਸ ਤੇ ‘ਆਪ’ ਵਿਚਾਲੇ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ। ਸੰਗਰੂਰ ਤੋਂ ਉਮੀਦਵਾਰ ਸੁਖਪਾਲ ਖਹਿਰਾ ਲਗਾਤਾਰ ਸੀਐਮ ਭਗਵੰਤ ਮਾਨ ‘ਤੇ ਹਮਲੇ ਕਰ ਰਹੇ ਹਨ। ਸੀਐਮ ਭਗਵੰਤ ਮਾਨ ਨੇ ਅੱਜ ਗੋਲਡੀ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਖਹਿਰਾ ਨੂੰ ਵੱਡਾ ਝਟਕਾ ਦਿੱਤਾ ਹੈ।

ਦਰਅਸਲ ਦਲਵੀਰ ਗੋਲਡੀ ਨੇ ਕੱਲ੍ਹ ਹੀ ਆਪਣਾ ਅਸਤੀਫਾ ਪਾਰਟੀ ਨੂੰ ਸੌਂਪ ਦਿੱਤਾ ਸੀ। ਇਸ ਵਿੱਚ ਉਨ੍ਹਾਂ ਕਿਹਾ ਹੈ ਕਿ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਤੋਂ ਨਿਰਾਸ਼ ਹੋ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੇ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਹਨ।

ਆਪਣਾ ਅਸਤੀਫਾ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਉਨ੍ਹਾਂ ਕਿਹਾ, ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਜੋ ਫੈਸਲਾ ਮੈਂ ਪੂਰੇ ਦਿਲ ਨਾਲ ਲੈ ਰਿਹਾ ਹਾਂ, ਉਹ ਮੇਰੇ ਪਰਿਵਾਰ, ਮੇਰੇ ਸਾਥੀਆਂ, ਮੇਰੇ ਰਿਸ਼ਤੇਦਾਰਾਂ ਤੇ ਉਨ੍ਹਾਂ ਸਾਰਿਆਂ ਦੇ ਭਲੇ ਲਈ ਹੈ ਜੋ ਮੈਨੂੰ ਨਿੱਜੀ ਤੌਰ ‘ਤੇ ਜਾਣਦੇ ਹਨ। ਦੋਸਤੋ ਇਹ ਸਭ ਜਾਣਦੇ ਹਨ ਕਿ ਮੇਰੇ ਲਈ ਇਹ ਫੈਸਲਾ ਲੈਣਾ ਬਹੁਤ ਮੁਸ਼ਕਲ ਸੀ। ਇਸ ਬਾਰੇ ਮੇਰੇ ਤੇ ਮੇਰੇ ਸਾਥੀਆਂ ਦੇ ਅੰਦਰ ਕੀ ਹੈ, ਸਿਰਫ ਉਹ ਹੀ ਜਾਣਦੇ ਹਨ।