ਟੀ-20 ਵਿਸ਼ਵ ਕੱਪ 2024 ਲਈ ਭਾਰਤੀ ਟੀਮ ਦਾ ਐਲਾਨ: ਰੋਹਿਤ ਦੀ ਕਪਤਾਨੀ ‘ਚ ਖੇਡਣਗੇ ਇਹ ਖਿਡਾਰੀ
30 ਅਪ੍ਰੈਲ 2024
ਟੀ-20 ਵਿਸ਼ਵ ਕੱਪ, ਟੀ-20 ਕ੍ਰਿਕਟ ਦਾ ਸਭ ਤੋਂ ਵੱਡਾ ਟੂਰਨਾਮੈਂਟ, ਆਈਪੀਐਲ 2024 ਤੋਂ ਬਾਅਦ ਖੇਡਿਆ ਜਾਣਾ ਹੈ। ਟੀ-20 ਵਿਸ਼ਵ ਕੱਪ 1 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੀ ਮੇਜ਼ਬਾਨੀ ਵੈਸਟਇੰਡੀਜ਼ ਅਤੇ ਅਮਰੀਕਾ ਸਾਂਝੇ ਤੌਰ ‘ਤੇ ਕਰਨਗੇ। ਇਸ ਟੂਰਨਾਮੈਂਟ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਰੋਹਿਤ ਸ਼ਰਮਾ ਇਸ ਟੂਰਨਾਮੈਂਟ ‘ਚ ਟੀਮ ਇੰਡੀਆ ਦੀ ਕਮਾਨ ਸੰਭਾਲਣਗੇ।
ਰੋਹਿਤ ਸ਼ਰਮਾ ਟੀ-20 ਵਿਸ਼ਵ ਕੱਪ ‘ਚ ਇਕ ਵਾਰ ਫਿਰ ਟੀਮ ਇੰਡੀਆ ਦੀ ਕਪਤਾਨੀ ਕਰਨਗੇ। ਇਸ ਦੇ ਨਾਲ ਹੀ ਇਸ ਟੀਮ ‘ਚ ਵਿਰਾਟ ਕੋਹਲੀ ਨੂੰ ਵੀ ਜਗ੍ਹਾ ਮਿਲੀ ਹੈ। ਦੂਜੇ ਪਾਸੇ ਰਿਸ਼ਭ ਪੰਤ ਦੀ ਟੀਮ ਇੰਡੀਆ ‘ਚ ਵਾਪਸੀ ਹੋਈ ਹੈ। ਉਸਨੇ ਦਸੰਬਰ 2022 ਵਿੱਚ ਟੀਮ ਇੰਡੀਆ ਲਈ ਆਪਣਾ ਆਖਰੀ ਮੈਚ ਖੇਡਿਆ ਸੀ। ਇਸ ਦੇ ਨਾਲ ਹੀ ਸੰਜੂ ਸੈਮਸਨ ਅਤੇ ਸ਼ਿਵਮ ਦੂਬੇ ਨੂੰ ਵੀ ਇਸ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।
ਟੀਮ ਇੰਡੀਆ ਨੇ ਪਿਛਲੇ 11 ਸਾਲਾਂ ਤੋਂ ਕੋਈ ਵੀ ਆਈਸੀਸੀ ਟਰਾਫੀ ਨਹੀਂ ਜਿੱਤੀ ਹੈ। ਇਸ ਦੇ ਨਾਲ ਹੀ ਭਾਰਤ ਨੇ ਆਖਰੀ ਵਾਰ 2007 ਵਿੱਚ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਇਹ ਟੂਰਨਾਮੈਂਟ ਦਾ ਪਹਿਲਾ ਐਡੀਸ਼ਨ ਸੀ, ਜਿਸ ਵਿੱਚ ਐਮਐਸ ਧੋਨੀ ਦੀ ਕਪਤਾਨੀ ਵਿੱਚ ਟੀਮ ਇੰਡੀਆ ਨੇ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾ ਕੇ ਟੂਰਨਾਮੈਂਟ ਜਿੱਤਿਆ ਸੀ। ਅਜਿਹੇ ‘ਚ ਇਸ ਵਾਰ ਭਾਰਤੀ ਖਿਡਾਰੀਆਂ ਦੀ ਨਜ਼ਰ ਟਰਾਫੀ ਦੇ ਲੰਬੇ ਇੰਤਜ਼ਾਰ ਨੂੰ ਖਤਮ ਕਰਨ ‘ਤੇ ਹੋਵੇਗੀ।
ਟੀ-20 ਵਿਸ਼ਵ ਕੱਪ ਲਈ ਟੀਮ ਇੰਡੀਆ-ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ, ਸੰਜੂ ਸੈਮਸਨ, ਹਾਰਦਿਕ ਪੰਡਯਾ (ਉਪ-ਕਪਤਾਨ), ਸ਼ਿਵਮ ਦੁਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜ਼ਵੇਂਦਰ ਚਾਹਲ, ਅਰਸ਼ਦੀਪ ਸਿੰਘ, ਜਸਪ੍ਰੀਤ ਬਮਰਾਹ, ਮੁਹੰਮਦ ਸਿਰਾਜ.