ਐਲੋਨ ਮਸਕ ਦਾ ਭਾਰਤ ਦੌਰਾ ਫਿਲਹਾਲ ਟਲਿਆ।

20 ਅਪ੍ਰੈਲ 2024

ਟੇਸਲਾ ਅਤੇ ਐਕਸ ਵਰਗੀਆਂ ਕੰਪਨੀਆਂ ਦੇ ਮਾਲਕ ਐਲੋਨ ਮਸਕ ਦੀ ਭਾਰਤ ਫੇਰੀ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ ਪਰ ਮਸਕ ਦੀ ਫੇਰੀ ਵਿੱਚ ਦੇਰੀ ਹੋ ਰਹੀ ਹੈ। ਓਹਨਾਂ ਦਾ ਭਾਰਤ ਦੌਰਾ  ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਦੱਸਿਆ ਕਿ ਟੇਸਲਾ ਦੇ ਕੰਮ ਦੀਆਂ ਜ਼ਿੰਮੇਵਾਰੀਆਂ ਕਾਰਨ ਉਨ੍ਹਾਂ ਦੀ ਭਾਰਤ ਯਾਤਰਾ ‘ਚ ਦੇਰੀ ਹੋ ਰਹੀ ਹੈ ਪਰ ਉਹ ਇਸ ਸਾਲ ਦੇ ਅੰਤ ਤੱਕ ਇੱਥੇ ਆਉਣ ਲਈ ਬਹੁਤ ਉਤਸੁਕ ਹੈ। ਬਲੂਮਬਰਗ ਮੁਤਾਬਕ ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਮਸਕ ਅਗਲੇ ਹਫਤੇ ਭਾਰਤ ਆ ਰਹੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ।

ਟੇਸਲਾ ਇੰਕ ਨੇ ਹਾਲ ਹੀ ਵਿੱਚ ਵੱਡੇ ਪੱਧਰ ‘ਤੇ ਕਰਮਚਾਰੀਆਂ ਦੀ ਛਟਨੀ ਕੀਤੀ ਹੈ। ਛਂਟਨੀ ਦੇ ਇਸ ਦੌਰ ਤੋਂ ਬਾਅਦ ਉਨ੍ਹਾਂ ਦੀ ਭਾਰਤ ਫੇਰੀ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਸੀ। ਇਸ ਦੇ ਨਾਲ ਹੀ ਪੀਐਮ ਮੋਦੀ ਵੀ ਲੋਕ ਸਭਾ ਚੋਣਾਂ ਦੌਰਾਨ ਦੇਸ਼ ਭਰ ਵਿੱਚ ਹੋਣ ਵਾਲੀਆਂ ਰੈਲੀਆਂ ਕਾਰਨ ਕਾਫੀ ਵਿਅਸਤ ਹਨ। ਪੀਐਮ ਮੋਦੀ ਨਾਲ ਮਸਕ ਦੀ ਮੁਲਾਕਾਤ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਹੋਣੀ ਸੀ। ਪਰ ਹੁਣ ਉਨ੍ਹਾਂ ਦਾ ਭਾਰਤ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਭਾਰਤ ਵਿੱਚ ਸਟਾਰਲਿੰਕ ਨੂੰ ਇਜਾਜ਼ਤ ਦੇਣਾ ਐਲੋਨ ਮਸਕ ਲਈ ਕਿਸੇ ਇਨਾਮ ਤੋਂ ਘੱਟ ਨਹੀਂ ਹੈ। ਚੀਨ ਦੇ ਵਿਰੋਧ ਨੂੰ ਦੇਖਦੇ ਹੋਏ ਭਾਰਤ ਅਮਰੀਕੀ ਕੰਪਨੀਆਂ ਲਈ ਇੱਕ ਵੱਡੇ ਬਾਜ਼ਾਰ ਵਜੋਂ ਉਭਰੇਗਾ।