ਵਿਸਾਖੀ ਇੱਕ ਵਿਲੱਖਣ ਤਿਉਹਾਰ ਹੈ, ਜਾਣੋ ਇਸ ਦੀ ਮੱਹਤਤਾ..

13 ਅਪ੍ਰੈਲ 2024

ਵਿਸਾਖੀ ਦਾ ਤਿਉਹਾਰ 

 

ਵਿਸਾਖੀ ਦਾ ਤਿਉਹਾਰ ਖੁਸ਼ੀਆਂ ਮਨਾਉਣ ਦਾ ਦਿਨ ਹੈ। ਵਿਸਾਖੀ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਅਤੇ ਰੀਤੀ ਰਿਵਾਜ ਦਾ ਮਹੱਤਵਪੂਰਨ ਹਿੱਸਾ ਹੈ। ਮਾਨਤਾ ਅਨੁਸਾਰ 1699 ਈ: ਵਿੱਚ 13 ਅਪ੍ਰੈਲ ਨੂੰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ।ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਚ ਇਕ ਮਹਾਨ ਸਭਾ ਬੁਲਾਈ ਸੀ, ਇਸ ਸਭਾ ਵਿਚ ਵੱਖ-ਵੱਖ ਥਾਵਾਂ ਤੋਂ ਲਗਭਗ 80 ਹਜ਼ਾਰ ਸਿੱਖ ਇਕੱਠੇ ਹੋਏ। ਜਦੋਂ ਸਭਾ ਸ਼ੁਰੂ ਹੋਈ ਤਾਂ ਗੁਰੂ ਸਾਹਿਬ ਨੇ ਮਿਆਨ ਵਿਚੋਂ ਤਲਵਾਰ ਕੱਢਦੇ ਹੋਏ ਕਿਹਾ, ਹੈ ਕੋਈ ਅਜਿਹਾ ਸਿੱਖ ਜੋ ਧਰਮ ਲਈ ਆਪਣੇ ਪ੍ਰਾਣਾਂ ਦਾ ਬਲਿਦਾਨ ਦੇ ਸਕੇ। ਇਹ ਸੁਣ ਕੇ ਸਭਾ ਸ਼ਾਂਤ ਹੋ ਗਈ ਅਤੇ ਪੰਜ ਸਿੱਖ ਵਾਰੋ ਵਾਰੀ ਉੱਠੇ ਅਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਆਪਣਾ ਆਪ ਸੌਂਪ ਦਿੱਤਾ ਅਤੇ ਆਪ ਜੀ ਨੇ ਸਭ ਤੋਂ ਪਹਿਲਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਸਾਜਿਆ। 

ਗੁਰੂ ਸਾਹਿਬ ਨੇ ਉਹਨਾਂ ਪੰਜਾ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦੀ ਪਦਵੀ ਦਿੱਤੀ ਅਤੇ ਬਾਅਦ ਵਿਚ ਉਹਨਾਂ ਪਾਸੋਂ ਆਪ ਅੰਮ੍ਰਿਤ ਛਕਿਆ। ਖਾਲਸੇ ਦੀ ਸਥਾਪਨਾ ਕਰ ਕੇ ਗੁਰੂ ਸਾਹਿਬ ਨੇ ਇਕ ਨਵਾਂ ਪੰਥ ਸਿਰਜਿਆ ਅਤੇ ਜਾਤ-ਪਾਤ, ਰੰਗ-ਭੇਦ ਆਦਿ ਦੇ ਵਿਤਕਰੇ ਨੂੰ ਖਤਮ ਕਰ ਦਿੱਤਾ। ਗੁਰੂ ਸਾਹਿਬ ਨੇ ਅੰਮ੍ਰਿਤ ਛਕਾਉਣ ਤੋਂ ਬਾਅਦ ਮਰਦਾਂ ਦੇ ਨਾਂਅ ਪਿੱਛੇ ‘ਸਿੰਘ’ ਅਤੇ ਔਰਤਾਂ ਦੇ ਨਾਂਅ ਪਿੱਛੇ ‘ਕੌਰ’ ਲਗਾਉਣ ਦਾ ਹੁਕਮ ਦਿੱਤਾ।

ਅੰਮ੍ਰਿਤ ਛਕਾਉਣ ਤੋਂ ਬਾਅਦ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ ਹਰ ਸਿੱਖ ਦੀ ਪੋਸ਼ਾਕ ਦਾ ਜ਼ਰੂਰੀ ਹਿੱਸਾ ਬਣ ਗਿਆ।ਗੁਰੂ ਗੋਬਿੰਦ ਸਿੰਘ ਜੀ ਨੇ ਉੱਚ ਅਤੇ ਨੀਵੀਂ ਜਾਤੀ ਦੇ ਭਾਈਚਾਰਿਆਂ ਵਿਚਕਾਰ ਵਿਤਕਰੇ ਨੂੰ ਖਤਮ ਕਰ ਦਿੱਤਾ।ਅੱਜ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਕਈ ਗੁਰੂਘਰਾ ਵਿਚ ਅੰਮ੍ਰਿਤਪਾਨ ਵੀ ਕਰਵਾਇਆ ਜਾਂਦਾ ਹੈ।

 ਵਿਸਾਖੀ ਦਾ ਤਿਉਹਾਰ ਕਿਸਾਨਾਂ ਲਈ ਵੀ ਅਹਿਮ ਹੁੰਦਾ ਹੈ ਇਸ ਦਿਨ ਕਿਸਾਨ ਸਾਰਾ ਸਾਲ ਆਪਣੀ ਵਾਢੀ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ। ਇਸ ਦਿਨ ਲੋਕ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਨ ਵਿੱਚ ਪਰਮਾਤਮਾ ਨਾਲ ਜੋੜਨ ਅਤੇ ਉਹਨਾਂ ਦੀ ਸਿੱਖੀਆਂ ਦਾ ਅਧਿਆਪਨ ਮਨਾਉਂਦੇ ਹਨ। ਨਿਊਜ਼ ਪੰਜਾਬ ਵੱਲੋਂ ਸਭ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ।

ਹਿੰਦੂ ਧਰਮ ਵਿੱਚ ਇਸ ਦਿਨ ਨੂੰ ਵਿਕਰਮੀ ਸੰਮਤ ਦਾ ਆਰੰਭ ਮੰਨਿਆ ਜਾਂਦਾ ਹੈ। ਲੋਕ ਇਸ ਦਿਨ ਭਗਵਾਨ ਦਾ ਭਜਨ ਕਰਦੇ ਅਤੇ ਦਾਨ ਆਦਿ ਵੀ ਕਰਦੇ ਹਨ ।ਵਪਾਰੀ ਲੋਕ ਵਿਸਾਖੀ ਤੇ ਆਪਣਾ ਬਹੀ ਖਾਤਾ ਸ਼ੁਰੂ ਕਰਦੇ ਹਨ। ਹਰੇਕ ਛੋਟੇ ਵੱਡੇ ਸ਼ਹਿਰ ਵਿੱਚ ਇਸ ਦਿਨ ਅਨੇਕ ਸਮਰੋਹ ਹੁੰਦੇ ਹਨ। ਕਈ ਮੇਲੇ ਲੱਗਦੇ ਹਨ, ਕੁਸ਼ਤੀਆ ਖੇਡਾਂ ਦੇ ਪ੍ਰੋਗਰਾਮ ਹੁੰਦੇ ਹਨ ।ਲੋਕ ਨਵੇਂ ਨਵੇਂ ਕੱਪੜੇ ਪਾ ਕੇ ਇਹਨਾਂ ਸਮਰੋਹਾਂ ਵਿੱਚ ਸ਼ਾਮਿਲ ਹੁੰਦੇ ਹਨ ।ਮੇਲੇ ਵਿੱਚ ਭਾਰੀ ਗਹਿਮਾ ਗਰਮੀ ਹੁੰਦੀ ਹੈ ਪੰਜਾਬ ਵਿੱਚ ਵਿਸਾਖੀ ਦਾ ਮੇਲਾ ਦੇਖਣ ਯੋਗ ਹੁੰਦਾ ਹੈ । ਕਿਸਾਨ ਖੇਤਾਂ ਤੋਂ ਵਿਹਲੇ ਹੋ ਕੇ ਖੁਸ਼ੀ ਨਾਲ ਨੱਚ ਉੱਠਦੇ ਹਨ ।ਪੰਜਾਬ ਵਿੱਚ ਇਸ ਨਾਚ ਨੂੰ ਭੰਗੜਾ ਕਿਹਾ ਜਾਂਦਾ ਹੈ। ਪੰਜਾਬ ਦੇ ਕਿਸਾਨ ਅਨੇਕਾਂ ਬੋਲੀਆ ਬੋਲਦੇ ਹੋਏ ਢੋਲ ਦੀ ਥਾਪ ਨਾਲ ਭੰਗੜਾ ਪਾਉਂਦੇ ਹਨ ।ਅਨੇਕਾਂ ਪਹਿਲਵਾਨ ਕੁਸ਼ਤੀ ਲੜਦੇ ਹਨ ਇਸਦੇ ਇਲਾਵਾ ਕਬੱਡੀ ਫੁਟਬਾਲ ਆਦਿ ਮੈਚ ਹੁੰਦੇ ਹਨ ਸਾਨੂੰ ਆਪਣੇ ਤਿਉਹਾਰ ਬੜੀ ਸ਼ਾਨ ਨਾਲ ਮਨਾਉਣੇ ਚਾਹੀਦੇ ਹਨ ਅਤੇ ਉਹਨਾਂ ਮਹੱਤਵ ਵੀ ਬਣਾਈ ਰੱਖਣਾ ਚਾਹੀਦਾ ਹੈ