ਹੇਮੰਤ ਸੋਰੇਨ ਅੱਜ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ; ਸਮਾਰੋਹ ਵਿੱਚ ਆਹ ਅਹਿਮ ਹਸਤੀਆਂ ਹੋਣਗੀਆਂ ਸ਼ਾਮਲ 

ਝਾਰਖੰਡ ,28 ਨਵੰਬਰ 2024

ਝਾਰਖੰਡ ਮੁਕਤੀ ਮੋਰਚਾ ਦੇ ਮੁਖੀ ਹੇਮੰਤ ਸੋਰੇਨ, ਜਿਨ੍ਹਾਂ ਨੇ 2024 ਦੀਆਂ ਝਾਰਖੰਡ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (BJP) ਦੀ ਅਗਵਾਈ ਵਾਲੇ ਐਨਡੀਏ ਗਠਜੋੜ ਨੂੰ ਹਰਾਇਆ ਸੀ ।ਅੱਜ ਸ਼ਾਮ 4 ਵਜੇ ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ ਹੇਮੰਤ ਸੋਰੇਨ ਨੂੰ ਸਹੁੰ ਚੁਕਾਉਣਗੇ। ਕਾਂਗਰਸ ਦੇ ਜਨਰਲ ਸਕੱਤਰ ਅਤੇ ਝਾਰਖੰਡ ਦੇ ਇੰਚਾਰਜ ਗੁਲਾਮ ਅਹਿਮਦ ਮੀਰ ਨੇ ਕਿਹਾ ਕਿ ਹੇਮੰਤ ਸੋਰੇਨ ਇਕੱਲੇ ਹੀ ਸਹੁੰ ਚੁੱਕਣਗੇ ਅਤੇ ਵਿਧਾਨ ਸਭਾ ਵਿੱਚ ਭਰੋਸੇ ਦੀ ਵੋਟ ਤੋਂ ਬਾਅਦ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਨਗੇ।

ਜਾਣਕਾਰੀ ਅਨੁਸਾਰ, ਸੋਰੇਨ ਦੇ ਝਾਰਖੰਡ ਮੁਕਤੀ ਮੋਰਚਾ (JMM) ਨੂੰ ਅਜੇ ਤੱਕ ਸਹਿਯੋਗੀ ਕਾਂਗਰਸ ਤੋਂ ਮੰਤਰੀਆਂ ਦੀ ਕੋਈ ਸੂਚੀ ਨਹੀਂ ਮਿਲੀ ਹੈ। ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਨਵੀਂ ਸਰਕਾਰ ਦੇ ਭਰੋਸੇ ਦਾ ਵੋਟ ਜਿੱਤਣ ਤੋਂ ਬਾਅਦ ਅਗਲੇ ਹਫਤੇ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਜਾਵੇਗਾ। ਮੁੱਖ ਮੰਤਰੀ ਦੇ ਅਹੁਦੇ ਤੋਂ ਇਲਾਵਾ, ਜੇਐਮਐਮ ਕੋਲ ਛੇ ਮੰਤਰੀ ਅਹੁਦੇ ਹੋਣ ਦੀ ਉਮੀਦ ਹੈ। ਕਾਂਗਰਸ ਨੂੰ ਚਾਰ ਮੰਤਰੀ ਅਹੁਦੇ ਅਤੇ ਤੇਜਸਵੀ ਯਾਦਵ ਦੇ ਰਾਸ਼ਟਰੀ ਜਨਤਾ ਦਲ ਨੂੰ ਇਕ ਮੰਤਰੀ ਦਾ ਅਹੁਦਾ ਮਿਲੇਗਾ। ਜਦੋਂ ਕਿ ਸੀਪੀਆਈ-ਐਮਐਲ, ਜਿਸ ਦੇ ਦੋ ਵਿਧਾਇਕ ਹਨ, ਸਰਕਾਰ ਨੂੰ ਬਾਹਰੋਂ ਸਮਰਥਨ ਦੇਵੇਗੀ।

ਅੱਜ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਮੋਰਹਾਬਾਦੀ ਮੈਦਾਨ ਵਿੱਚ ਸਹੁੰ ਚੁੱਕ ਸਮਾਗਮ ਹੋਵੇਗਾ। ਹੇਮੰਤ ਸੋਰੇਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਵਾਲੇ ਸਿਆਸੀ ਆਗੂ ਹਨ:

ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ

ਕਾਂਗਰਸ ਨੇਤਾ ਰਾਹੁਲ ਗਾਂਧੀ

NCP (SP) ਦੇ ਮੁਖੀ ਸ਼ਰਦ ਪਵਾਰ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ

ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ

ਸੀਪੀਆਈ (ਐਮਐਲ) ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ

‘ਆਪ’ ਨੇਤਾ ਅਰਵਿੰਦ ਕੇਜਰੀਵਾਲ

ਸ਼ਿਵ ਸੈਨਾ (ਯੂਬੀਟੀ) ਨੇਤਾ ਊਧਵ ਠਾਕਰੇ

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ

ਪੀਡੀਪੀ ਨੇਤਾ ਮਹਿਬੂਬਾ ਮੁਫਤੀ

ਤਾਮਿਲਨਾਡੂ ਦੇ ਮੰਤਰੀ ਉਧਯਨਿਧੀ ਸਟਾਲਿਨ

ਕਰਨਾਟਕ ਦੇ ਡਿਪਟੀ ਸੀਐਮ ਡੀਕੇ ਸ਼ਿਵਕੁਮਾਰ

ਬਿਹਾਰ ਦੇ ਐਲਓਪੀ ਤੇਜਸਵੀ ਯਾਦਵ