*ਵਿਰਸਾ ਸੰਭਾਲ ਵਿਸਾਖੀ ਗੱਤਕਾ ਮੁਕਾਬਲੇ ਮੁਹਾਲੀ ਵਿਖੇ 12 ਅਪ੍ਰੈਲ ਨੂੰ – ਫੂਲਰਾਜ ਸਿੰਘ*

ਮੁਹਾਲੀ 10 ਅਪ੍ਰੈਲ 2024

ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਐਸ.ਏ.ਐਸ. ਨਗਰ ਵੱਲੋਂ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨ.ਜੀ.ਏ.ਆਈ.) ਦੇ ਸਹਿਯੋਗ ਨਾਲ ਗੁਰਦੁਆਰਾ ਨਾਨਕ ਦਰਬਾਰ, ਸੈਕਟਰ 91, ਐਸ.ਏ.ਐਸ. ਨਗਰ ਵਿਖੇ ਸ਼ੁੱਕਰਵਾਰ 12 ਅਪ੍ਰੈਲ ਨੂੰ ਸ਼ਾਮ 4 ਵਜੇ ਤੋਂ ਦੇਰ ਰਾਤ 8 ਵਜੇ ਤੱਕ ਵਿਰਸਾ ਸੰਭਾਲ ਵਿਸਾਖੀ ਗੱਤਕਾ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਦੌਰਾਨ ਨਾਮੀ ਗੱਤਕਾ ਅਖਾੜਿਆਂ ਦੇ ਗੱਤਕੇਬਾਜ ਆਪਣੀ ਜੰਗਜੂ ਕਲਾ ਦੇ ਜੌਹਰ ਦਿਖਾਉਣਗੇ।

ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਗੱਤਕਾ ਐਸੋਸੀਏਸ਼ਨ ਦੇ ਮੁੱਖ ਕੋਆਰਡੀਨੇਟਰ ਅਤੇ ਐਨ.ਜੀ.ਏ.ਆਈ. ਦੇ ਅੰਤਰਰਾਸ਼ਟਰੀ ਮਾਮਲੇ ਡਾਇਰੈਕਟੋਰੇਟ ਦੇ ਚੇਅਰਮੈਨ ਸਾਬਕਾ ਐਮਸੀ ਸ. ਫੂਲਰਾਜ ਸਿੰਘ ਨੇ ਦੱਸਿਆ ਕਿ ਇਸ ਮੌਕੇ ਜੰਗਜੂ ਸ਼ਸਤਰ ਕਲਾ ਦੇ ਪ੍ਰਦਰਸ਼ਨ ਅਤੇ ਗੱਤਕਾ ਮੁਕਾਬਲਿਆਂ ਵਿਚ ਲੜਕੇ ਤੇ ਲੜਕੀਆਂ ਵੀ ਭਾਗ ਲੈਣਗੀਆਂ। ਇਹਨਾਂ ਵਿਰਾਸਤੀ ਖੇਡਾਂ ਮੌਕੇ ਗੱਤਕਾ ਸੋਟੀ-ਫੱਰੀ ਦੇ ਵਿਅਕਤੀਗਤ ਮੁਕਾਬਲੇ ਵੀ ਕਰਵਾਏ ਜਾਣਗੇ।

ਜ਼ਿਲਾ ਗੱਤਕਾ ਐਸੋਸੀਏਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਚੌਹਾਨ, ਪ੍ਰਧਾਨ ਕੁਲਦੀਪ ਸਿੰਘ ਸਮਾਣਾ ਅਤੇ ਜਨਰਲ ਸਕੱਤਰ ਆਰ.ਪੀ. ਸ਼ਰਮਾ ਨੇ ਦੱਸਿਆ ਕਿ ਜੇਤੂ ਖਿਡਾਰੀਆਂ ਦਾ ਵਿਸੇਸ਼ ਤੌਰ ਉਤੇ ਸਨਮਾਨ ਕੀਤਾ ਜਾਵੇਗਾ ਅਤੇ ਸਮੂਹ ਗੱਤਕੇਬਾਜਾਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਜਾਣਗੇ।

ਇਸ ਮੌਕੇ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਮੁੱਖ ਮਹਿਮਾਨ ਅਤੇ ਗੁਰਮੀਤ ਸਿੰਘ, ਚੇਅਰਮੈਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਸੋਹਾਣਾ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ। ਉਨ੍ਹਾਂ ਸਮੂਹ ਸੰਗਤਾਂ ਨੂੰ ਇਹ ਮੁਕਾਬਲੇ ਦੇਖਣ ਲਈ ਹੁੰਮ ਹੁਮਾ ਕੇ ਪੁੱਜਣ ਦਾ ਸੱਦਾ ਦਿੱਤਾ ਹੈ।