ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਪੰਜ ਪਿਆਰਿਆਂ ਦੀ ਅਗਵਾਈ ਹੇਠ ‘ ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਸ਼ਰਧਾਲੂਆਂ ਲਈ ਖੋਲ੍ਹੇ – ਤਸਵੀਰਾਂ ਰਾਹੀਂ ਤੁਸੀਂ ਵੀ ਦਰਸ਼ਨ ਕਰੋ
ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਸਵੇਰੇ 10 ਵਜੇ ਪੰਜ ਪਿਆਰਿਆਂ ਦੀ ਅਗਵਾਈ ਹੇਠ ‘ ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਇਸ ਬ੍ਰਹਮ ਪਲ ਨੂੰ ਦੇਖਣ ਲਈ ਲਗਭਗ ਪੰਜ ਹਜ਼ਾਰ ਸ਼ਰਧਾਲੂ ਉੱਥੇ ਮੌਜੂਦ ਸਨ।ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਫਿਲਹਾਲ ਬਰਫ ਜੰਮੀ ਹੋਈ ਹੈ ਪਰ ਸੰਗਤਾਂ ਨੇ ਸ਼ਰਧਾ ਭਾਵ ਨਾਲ ਸਰੋਵਰ ਵਿੱਚ ਇਸ਼ਨਾਨ ਕੀਤਾ।
ਨਿਊਜ਼ ਪੰਜਾਬ
ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਪੰਜ ਪਿਆਰਿਆਂ ਦੀ ਅਗਵਾਈ ਹੇਠ ‘ ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਸ਼ਰਧਾਲੂਆਂ ਲਈ ਖੋਲ੍ਹੇ – ਤਸਵੀਰਾਂ ਰਾਹੀਂ ਤੁਸੀਂ ਵੀ ਦਰਸ਼ਨ ਕਰੋ
ਗੋਵਿੰਦਘਾਟ, 25 ਮਈ – ਉੱਤਰਾਖੰਡ ‘ਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਐਤਵਾਰ ਨੂੰ ਸੰਗਤ ਵਾਸਤੇ ਖੋਲ੍ਹ ਦਿੱਤੇ ਗਏ, ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਿੱਖ ਸੰਗਤਾਂ ਜ੍ਹਿਨਾਂ ਵਿੱਚ ਫੌਜ਼ ਦੇ ਜਵਾਨ, ਨਿਹੰਗ ਸਿੰਘ ਵੀ ਸ਼ਾਮਲ ਸਨ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਸਿੱਖ ਪ੍ਰੰਪਰਾਵਾਂ ਅਨੁਸਾਰ ਵੱਡੇ ਇਕੱਠ ਦੇ ਨਾਲ ਗੁਰਦਵਾਰਾ ਸਾਹਿਬ ਲੈ ਕੇ ਪੁੱਜੇ ਅਤੇ ਸਿੱਖ ਧਾਰਮਿਕ ਪਰੰਪਰਾਵਾਂ ਦੇ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ।
ਗੁਰਦੁਆਰਾ ਹੇਮਕੁੰਟ ਸਾਹਿਬ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਪਹਿਲਾ ਜਥਾ ਸ਼ਨੀਵਾਰ ਸ਼ਾਮ 4 ਵਜੇ ਘੰਗਰੀਆ ਪਹੁੰਚਿਆ ਸੀ। ਐਤਵਾਰ ਸਵੇਰੇ 5 ਵਜੇ, ਸ਼ਰਧਾਲੂਆਂ ਦਾ ਇੱਕ ਸਮੂਹ ਹੇਮਕੁੰਟ ਸਾਹਿਬ ਲਈ ਰਵਾਨਾ ਹੋਇਆ ਸੀ । ਸ਼ਨੀਵਾਰ ਨੂੰ ਹੀ, ਗੋਵਿੰਦਘਾਟ ਗੁਰਦੁਆਰੇ ਵਿਖੇ ਅਖੰਡ ਸਾਹਿਬ ਦੇ ਭੋਗ ਪਾਉਣ ਤੋਂ ਬਾਅਦ ਸ਼ਬਦ ਕੀਰਤਨ ਦਾ ਆਯੋਜਨ ਕੀਤਾ ਗਿਆ। ਸਵੇਰੇ 8 ਵਜੇ, ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਰਧਾਲੂਆਂ ਦਾ ਪਹਿਲਾ ਜੱਥਾ ਫੌਜ ਦੇ ਅਤੇ ਪੰਜਾਬ ਤੋਂ ਆਏ ਬੈਂਡਾਂ ਦੀਆਂ ਸੁਰੀਲੀਆਂ ਧੁਨਾਂ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਘੰਗਰੀਆ ਲਈ ਰਵਾਨਾ ਹੋਇਆ ਸੀ।
ਅੱਜ ਪਹਿਲੇ ਦਿਨ ਲਗਪਗ 5 ਹਜਾਰ ਸ਼ਰਧਾਲੂਆਂ ਨੇ
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਹੈ। ਅੱਜ ਸਵੇਰੇ ਜਦੋਂ ਗੁਰਦੁਆਰਾ ਸਾਹਿਬ ਦੇ ਕਿਵਾੜ ਖੋਲ੍ਹੇ ਗਏ ਤਾਂ ਗ੍ਰੰਥੀ ਗਿਆਨੀ ਮਿਲਾਪ ਸਿੰਘ ਨੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਰਬਾਰ ਹਾਲ ‘ਚ ਸੁਸ਼ੋਭਿਤ ਕੀਤੇ। ਇਸ ਮੌਕੇ ਪੰਜ ਪਿਆਰੇ ਅਗਵਾਈ ਕਰ ਰਹੇ ਸਨ ਅਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਸ਼ਬਦ ਗਾਇਨ ਕੀਤੇ ਗਏ।ਇਥੇ ਪ੍ਰਬੰਧਕਾਂ ਵੱਲੋਂ ਫੁੱਲਾਂ ਦੇ ਨਾਲ ਸੁੰਦਰ ਸਜਾਵਟ ਕੀਤੀ ਗਈ ਹੈ। ਸਵੇਰੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਮਗਰੋਂ ਅਰਦਾਸ ਕੀਤੀ ਗਈ।
ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਅਸਥਾਨ ਦੀ ਯਾਤਰਾ ਬਾਰੇ ਕਿਸੇ ਵੀ ਤਰ੍ਹਾਂ ਦੇ ਭਰਮ ਭੁਲੇਖੇ ਵਿੱਚ ਪੈਣ ਦੀ ਥਾਂ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਸਹੀ ਜਾਣਕਾਰੀ ਲੈਣ। ਇਸ ਮੌਕੇ ਭਾਰਤੀ ਫੌਜ ਦੇ ਅਧਿਕਾਰੀਆਂ ਅਤੇ ਜਵਾਨਾਂ ਜਿਨਾਂ ਵੱਲੋਂ ਬਰਫ ਕੱਟ ਕੇ ਰਸਤਾ ਤਿਆਰ ਕੀਤਾ ਗਿਆ ਹੈ ਅਤੇ ਸਹਿਯੋਗੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਪ੍ਰਬੰਧਕਾਂ ਨੇ ਅਪੀਲ ਕੀਤੀ ਹੈ ਕਿ ਫਿਲਹਾਲ ਮੌਸਮ ਦੀ ਮੌਜੂਦਾ ਸਥਿਤੀ ਵਿੱਚ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਯਾਤਰਾ ਤੇ ਆਉਣ ਤੋਂ ਸੰਕੋਚ ਕਰਨ ।
————=
ਤਸਵੀਰਾਂ : ਸੋਸ਼ਲ ਮੀਡੀਆ / ਪ੍ਰੈਸ ਦੇ ਧੰਨਵਾਦ ਨਾਲ