ਕੇ ਕਵਿਤਾ ਨੇ ਅਪਣੇ ਬੇਟੇ ਦੀ ਪ੍ਰੀਖਿਆ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਦੀ ਕੀਤੀ ਮੰਗ।

8 ਅਪ੍ਰੈਲ 2024

ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਆਬਕਾਰੀ ਨੀਤੀ ਮਾਮਲੇ ਵਿਚ ਕੇ ਕਵਿਤਾ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿਤੀ ਹੈ। ਕੇ ਕਵਿਤਾ ਨੇ ਅਪਣੇ ਬੇਟੇ ਦੀ ਪ੍ਰੀਖਿਆ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਦੀ ਮੰਗ ਕੀਤੀ ਲੇਕਿਨ ਅਦਾਲਤ ਨੇ ਰੱਦ ਕਰ ਦਿਤੀ ।

ਕੇ ਕਵਿਤਾ ਨੂੰ ਸ਼ਰਾਬ ਨੀਤੀ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਹੈ।ਉਹ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹੈ। ਇਸ ਤੋਂ ਪਹਿਲਾਂ ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਗ੍ਰਿਫਤਾਰ ਭਾਰਤ ਰਾਸ਼ਟਰ ਸਮਿਤੀ ਨੇਤਾ ਕੇ. ਕਵਿਤਾ ਨੇ ਵੀਰਵਾਰ ਨੂੰ ਇਥੇ ਇਕ ਅਦਾਲਤ ਵਿਚ ਅੰਤਰਿਮ ਜ਼ਮਾਨਤ ਦੀ ਮੰਗ ਕਰਦਿਆਂ ਦਾਅਵਾ ਕੀਤਾ ਕਿ ਉਸ ਦੇ 16 ਸਾਲ ਦੇ ਬੇਟੇ ਦੀ ਪ੍ਰੀਖਿਆ ਹੈ ਅਤੇ ਉਸ ਨੂੰ ਅਪਣੀ ਮਾਂ ਦੇ “ਨੈਤਿਕ ਅਤੇ ਭਾਵਨਾਤਮਕ ਸਮਰਥਨ” ਦੀ ਲੋੜ ਹੈ।

ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਦੀ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋ ਪੇਸ਼ ਹੋਈ ਕਵਿਤਾ ਅਤੇ ਵਕੀਲ ਦੀਆਂ ਦਲੀਲਾਂ ਸੁਣੀਆਂ ਅਤੇ ਅਪਣਾ ਫੈਸਲਾ ਸੋਮਵਾਰ ਲਈ ਸੁਰੱਖਿਅਤ ਰੱਖ ਲਿਆ। ਸੁਣਵਾਈ ਦੌਰਾਨ ਬੀਆਰਐਸ ਆਗੂ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਦਾਅਵਾ ਕੀਤਾ “ਇਸ ਮਾਮਲੇ ਦੀ ਮੁਲਜ਼ਮ ਔਰਤ ਦਾ ਇਕ ਬੱਚਾ ਹੈ ਜਿਸ ਦੀ ਪ੍ਰੀਖਿਆ ਅਪ੍ਰੈਲ ਵਿਚ ਹੋਣ ਜਾ ਰਹੀ ਹੈ। ਅਜਿਹਾ ਨਹੀਂ ਹੈ ਕਿ ਬੱਚਾ ਛੋਟਾ ਹੈ। ਉਹ 16 ਸਾਲ ਦਾ ਹੈ। ਇਹ ਮਾਮਲਾ ਵੱਖਰਾ ਹੈ। ਇਹ ਮਾਂ ਦੇ ਨੈਤਿਕ ਅਤੇ ਭਾਵਨਾਤਮਕ ਸਮਰਥਨ ਦਾ ਮੁੱਦਾ ਹੈ।” ਮਾਂ ਦੀ ਗ਼ੈਰ-ਮੌਜੂਦਗੀ ਨੂੰ ਪਿਤਾ, ਭੈਣ ਜਾਂ ਭਰਾ ਪੂਰਾ ਨਹੀਂ ਕਰ ਸਕਦੇ।