ਅੰਮ੍ਰਿਤਪਾਲ ਸਿੰਘ ਦੀ ਮਾਂ ਅਤੇ ਹੋਰ ਸਾਥੀਆ ਨੂੰ ਕੀਤਾ ਗਿਆ ਗ੍ਰਿਫਤਾਰ।
ਪੰਜਾਬ ਨਿਊਜ਼,8 ਅਪ੍ਰੈਲ 2024
ਅੰਮ੍ਰਿਤਪਾਲ ਦੀ ਮਾਂ ਨੂੰ ‘ਚੇਤਨਾ ਮਾਰਚ’ ਕੱਢਣ ਤੋਂ ਇਕ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ । ਅੰਮ੍ਰਿਤਪਾਲ ਅਤੇ ਉਸਦੇ ਨੌਂ ਸਾਥੀਆਂ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਲਈ 8 ਅਪਰੈਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਬਠਿੰਡਾ ਤੋਂ ਮਾਰਚ ਕੱਢਿਆ ਜਾਣਾ ਸੀ।
‘ਵਾਰਿਸ ਪੰਜਾਬ ਦੇ’ ਸੰਗਠਨ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਅੰਮ੍ਰਿਤਪਾਲ ਦੀ ਮਾਂ ਬਲਵਿੰਦਰ ਕੌਰ ਤੋਂ ਇਲਾਵਾ ਉਸ ਦੇ ਚਾਚੇ ਅਤੇ ਤਿੰਨ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਅੰਮ੍ਰਿਤਸਰ ਦੇ ਡੀਸੀਪੀ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਦੀ ਮਾਂ ਬਲਵਿੰਦਰ ਕੌਰ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।ਇਹ ਅਹਿਤਿਆਤ ਵਜੋਂ ਗ੍ਰਿਫ਼ਤਾਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅੰਮ੍ਰਿਤਪਾਲ ਦੇ ਚਾਚਾ ਸੁਖਚੈਨ ਸਿੰਘ ਅਤੇ ਤਿੰਨ ਹੋਰ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਬਲਵਿੰਦਰ ਕੌਰ ਅਤੇ ਹੋਰ ਕੈਦੀਆਂ ਦੇ ਪਰਿਵਾਰਕ ਮੈਂਬਰ 22 ਫਰਵਰੀ ਤੋਂ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨੇੜੇ ਭੁੱਖ ਹੜਤਾਲ ‘ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅੰਮ੍ਰਿਤਪਾਲ ਅਤੇ ਹੋਰ ਕੈਦੀਆਂ ਨੂੰ ਪੰਜਾਬ ਜੇਲ੍ਹ ਵਿੱਚ ਤਬਦੀਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਨ੍ਹਾਂ ਦੀ ਭੁੱਖ ਹੜਤਾਲ ਜਾਰੀ ਰਹੇਗੀ।ਇਸ ਦੇ ਨਾਲ ਹੀ ਅੰਮ੍ਰਿਤਪਾਲ ਦੀ ਮਾਂ ਅਤੇ ਹੋਰ ਲੋਕਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਸਿਆਸਤ ਸ਼ੁਰੂ ਹੋ ਗਈ ਹੈ।