ਭਗਵੰਤ ਮਾਨ ਨੇ ਦਿੱਲੀ ਦੇ ਰਾਮ ਰੀਲਾ ਮੈਦਾਨ ਰੈਲੀ ਵਿੱਚ ਮੋਦੀ ਸਰਕਾਰ ਤੇ ਤੰਜ ਕੱਸਿਆ।
ਨਵੀਂ ਦਿੱਲੀ – 31 ਮਾਰਚ 2024
ਅੱਜ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਹੋਈ ਇੰਡੀਆ ਗਠਜੋੜ ਦੀ ਰੈਲੀ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ‘ਤੇ ਤੰਜ਼ ਕੱਸਿਆ। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦਾ ਲੋਕਤੰਤਰ ਖ਼ਤਰੇ ਵਿਚ ਹੈ। ਮੋਦੀ ਸਰਕਾਰ ਸੋਚਦੀ ਕਿ ਉਹ ਡੰਡੇ ਨਾਲ ਦੇਸ਼ ਚਲਾ ਲੈਣਗੇ, ਇਹ ਦੇਸ਼ ਕਿਸੇ ਦੇ ਬਾਪ ਦੀ ਜਾਗੀਰ ਨਹੀਂ, ਇਹ ਦੇਸ਼ 140 ਕਰੋੜ ਲੋਕਾਂ ਦਾ ਹੈ। ਇਹ ਆਜ਼ਾਦੀ ਸਾਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸੁਖਦੇਵ, ਰਾਜਗੁਰੂ, ਮਦਨ ਲਾਲ ਢੀਂਗਰਾ, ਕਰਤਾਰ ਸਿੰਘ ਸਰਾਭਾ, ਚੰਦਰਸ਼ੇਖਰ ਆਜ਼ਾਦ ਵਰਗੇ ਹਜ਼ਾਰਾਂ ਨੇਤਾਵਾਂ ਨੇ ਦਿੱਤੀ ਹੈ।
ਇਹ ਕੀ ਸਮਝਦੇ ਨੇ ਕਿ ਇਸ ਨੂੰ ਵੀ ਅੰਦਰ ਕਰ ਦਿਓ ਤੇ ਉਸ ਨੂੰ ਵੀ ਅੰਦਰ ਕਰੋ, ਕਿਸੇ ਦੇ ਖਾਤੇ ਫ੍ਰੀਜ਼ ਕਰ ਦਿਉ, ਕਿਸੇ ਪਾਰਟੀ ਦੇ ਲੀਡਰ ਨੂੰ ਜੇਲ ਵਿਚ ਕਰੋ। ਅਸੀਂ ਟਾਹਣੀ ਦੇ ਪੱਤੇ ਨਹੀਂ ਜੋ ਟਾਹਣੀ ਤੋਂ ਟੁੱਟ ਕੇ ਡਿੱਗ ਜਾਏ। ਤੂਫਾਨਾਂ ਨੂੰ ਕਹੋ ਅਪਣੀ ਔਕਾਤ ਵਿਚ ਰਹਿਣ। ਕੇਜਰੀਵਾਲ ਜੀ ਦੇ ਘਰ ਈਡੀ ਭੇਜੋ, ਉਸ ਦਾ ਘਰ ਢਾਹ ਦਿੱਤਾ ਜਾਵੇ। ਇਹ ਗਲਤ ਧਾਰਨਾਵਾਂ ਹਨ। ਹਕੂਮਤ ਉਹ ਕਰਦੇ ਹਨ, ਜਿਹਨਾਂ ਦਾ ਦਿਲਾਂ ‘ਤੇ ਰਾਜ ਹੁੰਦਾ ਹੈ, ਵੈਸੇ ਤਾਂ ਕਹਿਣ ਨੂੰ ਮੁਰਗੀ ਦੇ ਸਿਰ ‘ਤੇ ਵੀ ਤਾਜ਼ ਹੁੰਦਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਇੱਥੇ ਸੁਨੀਤਾ ਕੇਜਰੀਵਾਲ ਅਤੇ ਕਲਪਨਾ ਸੋਰੇਨ ਵੀ ਮੌਜੂਦ ਹਨ। ਮੈਂ ਉਨ੍ਹਾਂ ਨੂੰ ਸਲਾਮ ਕਰਦਾ ਹਾਂ ਉਨ੍ਹਾਂ ਨੇ ਜੋ ਕਠਿਨਾਈਆਂ ਝੱਲੀਆਂ ਹਨ। ਐਵੇਂ ਹੀ ਤਾੜੀਆਂ ਨਹੀਂ ਵੱਜਦੀਆਂ, ਉਹਨਾਂ ਨੂੰ ਦਿਹਾੜੀ ਦੇ ਕੇ ਮੋਦੀ-ਮੋਦੀ ਕਰਵਾਉਣਾ ਬਹੁਤ ਸੌਖਾ ਹੈ। ਜੋ ਵੀ ਦਿਲ ਤੋਂ ਬੋਲਿਆ ਜਾਂਦਾ ਹੈ ਉਸ ਦਾ ਅਸਰ ਹੁੰਦਾ ਹੈ। ਉਹ ਦੇਸ਼ ਦੇ ਟੁਕੜੇ-ਟੁਕੜੇ ਕਰਨਾ ਚਾਹੁੰਦੇ ਹਨ।
ਸਰਕਾਰ ਦੇਸ਼ ਨੂੰ ਨਫ਼ਰਤ ਦੇ ਤੂਫ਼ਾਨ ਵਿਚ ਧੱਕ ਰਹੀ ਹੈ। ਉਹ CAA ਲੈ ਕੇ ਆਏ। ਮੈਂ ਸੰਸਦ ਵਿਚ ਸੀ। ਮੈਂ ਕਿਹਾ- ਮੈਨੂੰ 30 ਸਕਿੰਟ ਬੋਲਣ ਦਿਓ। ਮੈਨੂੰ ਕਿਹਾ ਗਿਆ- ਨਹੀਂ। ਮੈਂ ਫਿਰ ਕਿਹਾ ਕਿ 20 ਸਕਿੰਟ ਬੋਲਣ ਦਿਓ। ਉਹਨਾਂ ਨੇ ਕਿਹਾ, ਤੁਸੀਂ ਇਸ ਸਮੇਂ ਵਿਚ ਕੀ ਕਹੋਗੇ? ਮੈਂ ਕਿਹਾ- ਲੰਬੇ ਸਫ਼ਰ ਨੂੰ ਮੀਲਾਂ ਵਿਚ ਨਾ ਵੰਡੋ… ਕੌਮ ਨੂੰ ਕਬੀਲਿਆਂ ਵਿਚ ਨਾ ਵੰਡੋ… ਮੇਰਾ ਦੇਸ਼ ਭਾਰਤ ਇੱਕ ਵਗਦਾ ਦਰਿਆ ਹੈ, ਇਸ ਨੂੰ ਝੀਲਾਂ ਵਿਚ ਨਾ ਵੰਡੋ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੈਲੀ ਦੌਰਾਨ ਕਿਹਾ ਮੈਂ 15 ਲੱਖ ਰੁਪਏ ਦੀ ਰਕਮ ਲਿਖਦਾ ਹਾਂ ਤਾਂ ਕਲਮ ਰੁਕ ਜਾਂਦੀ ਹੈ, ਜਦੋਂ ਮੈਂ ਕਾਲੇ ਧਨ ਬਾਰੇ ਸੋਚਦਾ ਹਾਂ ਤਾਂ ਸਿਆਹੀ ਸੁੱਕ ਜਾਂਦੀ ਹੈ। ਸਭ ਕੁਝ ਮਜ਼ਾਕ ਬਣ ਗਿਆ, ਮੋਦੀ ਜੀ, ਹੁਣ ਤਾਂ ਇਹ ਵੀ ਸ਼ੱਕ ਹੈ ਕਿ ਕੀ ਤੁਹਾਨੂੰ ਚਾਹ ਬਣਾਉਣੀ ਆਉਂਦੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ- ਤੁਸੀਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰੋਗੇ, ਪਰ ਉਨ੍ਹਾਂ ਦੀ ਸੋਚ ਨੂੰ ਕਿਵੇਂ ਗ੍ਰਿਫ਼ਤਾਰ ਕਰ ਲਓਗੇ , ਲੱਖਾਂ ਜੰਮਣ ਵਾਲੇ ਕੇਜਰੀਵਾਲ ਨੂੰ ਕਿਵੇਂ ਰੋਕੋਗੇ? ਅਰਵਿੰਦ ਕੇਜਰੀਵਾਲ ਸੋਚ ਦਾ ਨਾਂ ਹੈ। ਇੰਡੀਆ ਗਠਜੋੜ ਇਕੱਠਾ ਹੋ ਗਿਆ ਹੈ। ਕਈਆਂ ਦੇ ਕੈਮਰੇ ਵੀ ਕੰਬਣ ਲੱਗ ਪਏ ਹੋਣਗੇ ਕਿ ਸਾਰੇ ਇਕੱਠੇ ਕਿਵੇਂ ਬੈਠ ਗਏ।