ਹੁਣ ਅੰਮ੍ਰਿਤਸਰ ਵਿੱਚ ਅਮਰੀਕੀ ਕੌਂਸਲੇਟ ਦਫ਼ਤਰ ਜਲਦ ਹੀ ਖੁੱਲ੍ਹੇਗਾ-ਤਰਨਜੀਤ ਸਿੰਘ ਸੰਧੂ
31 ਮਾਰਚ 2024
ਗੁਰੂ ਕੀ ਨਗਰੀ ਅੰਮ੍ਰਿਤਸਰ ’ਚ ਛੇਤੀ ਹੀ ਅਮਰੀਕਨ ਕੌਂਸਲੇਟ ਦਫ਼ਤਰ ਖੁੱਲ੍ਹਣ ਜਾ ਰਿਹਾ ਹੈ। ਇਸ ਨਾਲ ਇਸ ਸ਼ਹਿਰ ਅਤੇ ਆਲੇ-ਦੁਆਲੇ ਦੇ ਉਨ੍ਹਾਂ ਲੋਕਾਂ ਨੂੰ ਬਹੁਤ ਆਸਾਨੀ ਹੋ ਜਾਵੇਗੀ, ਜੋ ਅਮਰੀਕਾ ਜਾਣ ਦੇ ਚਾਹਵਾਨ ਹਨ। ਉਨ੍ਹਾਂ ਨੂੰ 500 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਦਿੱਲੀ ਨਹੀਂ ਜਾਣਾ ਪਵੇਗਾ। ਇਹ ਪ੍ਰਗਟਾਵਾ ਮੰਗਲ਼ਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਬਹੁ-ਚਰਚਿਤ ਆਗੂ ਤਰਨਜੀਤ ਸਿੰਘ ਸੰਧੂ ਨੇ ਕੀਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਸਥਾਪਨਾ ਦਾ 450ਵਾਂ ਵਰ੍ਹਾ ਮੁਕੰਮਲ ਹੋਣ ਮੌਕੇ ਇਸ ਅਮਰੀਕਨ ਦਫ਼ਤਰ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਭਾਰਤ ਦੇ ਦੋ ਕੌਂਸਲੇਟ ਦਫ਼ਤਰ ਅਮਰੀਕਾ ’ਚ ਖੁੱਲ੍ਹਣੇ ਹਨ ਅਤੇ ਇੰਝ ਹੀ ਅਮਰੀਕਾ ਦੇ ਵੀ ਦੋ ਕੌਂਸਲੇਟ ਦਫ਼ਤਰ ਭਾਰਤ ’ਚ ਖੋਲ੍ਹੇ ਜਾਣੇ ਹਨ। ਇੱਕ ਦਫ਼ਤਰ ਹਰ ਹਾਲਤ ’ਚ ਅੰਮ੍ਰਿਤਸਰ ਵਿਖੇ ਖੁੱਲ੍ਹੇਗਾ ਅਤੇ ਉਨ੍ਹਾਂ ਦੀ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਅਤੇ ਭਾਰਤ ’ਚ ਅਮਰੀਕਾ ਦੇ ਸਫ਼ੀਰ ਐਰਿਕ ਗਾਰਸੇਟੀ ਨਾਲ ਇਸ ਮਾਮਲੇ ’ਤੇ ਗੱਲਬਾਤ ਹੋ ਚੁੱਕੀ ਹੈ।ਆਉਂਦੀ ਪਹਿਲੀ ਜੂਨ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਸੰਭਾਵੀ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਸਾਹਿਬ ਨਗਰੀ ਨੂੰ ਇੱਕ ‘ਟੂਰਿਸਟ ਹੱਬ’ ਵਜੋਂ ਵਿਕਸਤ ਕਰਨ ਦੀ ਜ਼ਰੂਰਤ ਹੈ। ਇੱਥੇ ਰੋਜ਼ਾਨਾ ਔਸਤਨ ਡੇਢ ਲੱਖ ਦੇ ਕਰੀਬ ਸ਼ਰਧਾਲੂ ਤੇ ਸੈਲਾਨੀ ਆਉਂਦੇ ਹਨ ਕਿਉਂਕਿ ਇੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ। ਇਸ ਦੇ ਨਾਲ ਹੀ ਦੁਰਗਿਆਣਾ ਮੰਦਰ, ਰਾਮਤੀਰਥ, ਜੱਲ੍ਹਿਆਂਵਾਲਾ ਬਾਗ਼, ਖ਼ਾਲਸਾ ਕਾਲਜ, ਪਾਕਿਸਤਾਨ ਨਾਲ ਲੱਗਦਾ ਅਟਾਰੀ ਬਾਰਡਰ ਅਤੇ ਹੋਰ ਬਹੁਤ ਸਾਰੀਆਂ ਇਤਿਹਾਸਕ ਤੇ ਧਾਰਮਿਕ ਵਿਰਾਸਤੀ ਅਸਥਾਨ ਮੌਜੂਦ ਹਨ, ਜਿੱਥੇ ਸ਼ਰਧਾਲੂਆਂ ਦੀ ਆਮਦ ਕਦੇ ਰੁਕ ਹੀ ਨਹੀਂ ਸਕਦੀ। ਸ਼ਰਧਾਲੂਆਂ ਦਾ ਇਸ ਸ਼ਹਿਰ ’ਚ ਆਉਣ-ਜਾਣ ਸਾਰਾ ਸਾਲ ਹੀ ਲੱਗਾ ਰਹਿੰਦਾ ਹੈ। ਇੱਥੇ ਜੇ ਸਾਰੀਆਂ ਜ਼ਰੂਰੀ ਸੇਵਾਵਾਂ ਤੇ ਸਹੂਲਤਾਂ ਕਿੱਤਾਮੁਖੀ ਢੰਗ ਨਾਲ ਉਪਲਬਧ ਕਰਵਾਈਆਂ ਜਾਣ ਤਾਂ ਇਸ ਸਮੁੱਚੇ ਇਲਾਕੇ ਦੀ ਅਰਥ-ਵਿਵਸਥਾ ’ਚ ਜ਼ਮੀਨ-ਅਸਮਾਨ ਦਾ ਫ਼ਰਕ ਪੈ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਆਪਣਾ ਸੰਦੇਸ਼ ਔਰਤਾਂ ਅਤੇ ਨੌਜਵਾਨਾਂ ਤੱਕ ਵੱਧ ਤੋਂ ਵੱਧ ਪਹੁੰਚਾਉਣਾ ਚਾਹੁੰਦੇ ਹਨ।