ਲੰਡਨ ਵਿੱਚ ਕਿਸਾਨਾਂ ਵੱਲੋਂ 100 ਤੋਂ ਜ਼ਿਆਦਾ ਟਰੈਕਟਰ ਨਾਲ ਸੰਸਦ ਭਵਨ ਦੇ ਬਾਹਰ ਮੁਜ਼ਾਹਰਾ।
27 ਮਾਰਚ 2024
ਬ੍ਰਿਟੇਨ ਦੇ ਲੰਡਨ ਵਿੱਚ 100 ਤੋਂ ਜ਼ਿਆਦਾ ਟਰੈਕਟਰ ਸਮੇਤ ਕਿਸਾਨ ਸੰਸਦ ਭਵਨ ਦੇ ਬਾਹਰ ਮੁਜ਼ਾਹਰਾ ਕਰਨ ਪਹੁੰਚੇ। ਕਿਸਾਨ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਸਰਕਾਰੀ ਮਦਦ ਦੀ ਕਮੀ ਹੈ।
ਹਾਰਨ ਵਜਾਉਂਦੇ ਟਰੈਕਟਰਾਂ ਦੇ ਕਾਫਲੇ ਸੋਮਵਾਰ ਸ਼ਾਮ ਨੂੰ ਕੇਂਦਰੀ ਲੰਡਨ ਦੀਆਂ ਸੜਕਾਂ ਤੋਂ ਹੁੰਦੇ ਹੋਏ ਵੈਸਟਮਿੰਸਟਰ ਪਹੁੰਚੇ।
ਇਸ ਮੁਜ਼ਾਹਰੇ ਦਾ ਸੱਦਾ ਅਤੇ ਪ੍ਰਬੰਧ ਕਰ ਰਹੇ ਸੇਵ ਬ੍ਰਿਟਿਸ਼ ਫਾਰਮਿੰਗ ਅਤੇ ਫੇਅਰਨੈਸ ਫਾਰ ਫਾਰਮਰਜ਼ ਆਫ਼ ਕੈਂਟ ਮੁਤਾਬਕ ਵਿਦੇਸ਼ਾਂ ਤੋਂ ਆ ਰਹੇ ਸਸਤੇ ਖੇਤੀ ਉਤਪਾਦ ਅਤੇ ਸਰਕਾਰ ਦੀਆਂ ਗੈਰ-ਮਦਦਕਾਰੀ ਨੀਤੀਆਂ ਦੇਸ ਵਿੱਚ ਖੁਰਾਕ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਰਹੀਆਂ ਹਨ।
ਬ੍ਰਿਟੇਨ ਦੇ ਕੌਮੀ ਝੰਡਿਆਂ ਵਾਲੇ ਟਰੈਕਟਰਾਂ ਨੇ ਪੂਰੇ ਲੰਡਨ ਅਤੇ ਵੈਸਟਮਿੰਸਟਰ ਵਿੱਚ ਗੇੜਾ ਲਾਇਆ। ਟਰੈਕਟਰਾਂ ਉੱਪਰ ਕਈ ਕਿਸਮ ਦੇ ਨਾਅਰੇ ਲਿਖੇ ਹੋਏ ਸਨ। ਜਿਵੇਂ— ਬ੍ਰਿਟਿਸ਼ ਖੇਤੀ ਬਚਾਓ, ਖੇਤੀ ਨਹੀਂ ਖੁਰਾਕ ਨਹੀਂ, ਭਵਿੱਖ ਨਹੀਂ।
ਲੰਡਨ ਵਿੱਚ ਕਿਸਾਨ ਅੰਦੋਲਨ ਉਦੋਂ ਹੋ ਰਿਹਾ ਹੈ ਜਦੋਂ ਯੂਰਪ, ਫਰਾਂਸ, ਗਰੀਸ, ਜਰਮਨੀ, ਪੁਰਤਗਾਲ, ਪੋਲੈਂਡ ਦੀਆਂ ਸੜਕਾਂ ਪਹਿਲਾਂ ਹੀ ਕਈ ਮਹੀਨਿਆਂ ਤੋਂ ਕਿਸਾਨਾਂ ਦਾ ਰੋਹ ਅਤੇ ਭਵਿੱਖ ਪ੍ਰਤੀ ਹਤਾਸ਼ਾ ਦੇਖ ਰਹੇ ਹਨ।
ਇਨ੍ਹਾਂ ਥਾਵਾਂ ਉੱਤੇ ਵੀ ਕਿਸਾਨ, ਖੇਤੀ ਉਤਾਪਾਦਾਂ ਦੀ ਸਸਤੀ ਇੰਪੋਰਟ ਅਤੇ ਯੂਰਪੀ ਯੂਨੀਅਨ ਦੇ ਸਖਤ ਮਾਪਦੰਡਾਂ ਖਿਲਾਫ਼ ਮੁਜ਼ਾਹਰੇ ਕਰ ਰਹੇ ਹਨ।