ਮੁਬੰਈ ਏਅਰਪੋਰਟ ਤੇ 19 ਕਰੋੜ 79 ਲੱਖ ਰੁਪਏ ਦੀ ਕੋਕੀਨ ਬਰਾਮਦ।
ਮੁੰਬਈ – 25 ਮਾਰਚ 2024
ਮੁੰਬਈ ਏਅਰਪੋਰਟ ‘ਤੇ ਇਕ ਵਿਦੇਸ਼ੀ ਮਹਿਲਾ ਯਾਤਰੀ ਨੂੰ ਕੋਕੀਨ ਦੀ ਖੇਪ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਨੂੰ ਖੁਫੀਆ ਸੂਚਨਾ ਦੇ ਆਧਾਰ ਤੇ ਇੱਕ ਵਿਦੇਸ਼ੀ ਔਰਤ ਕੋਲੋਂ 19 ਕਰੋੜ 79 ਲੱਖ ਰੁਪਏ ਦੀ ਕੋਕੀਨ ਬਰਾਮਦ ਹੋਈ ਹੈ। ਗ੍ਰਿਫ਼ਤਾਰ ਔਰਤ ਨੈਰੋਬੀ ਤੋਂ ਮੁੰਬਈ ਏਅਰਪੋਰਟ ਪਹੁੰਚੀ ਸੀ। ਉਸ ਕੋਲ ਸੀਅਰਾ ਲਿਓਨ ਦੀ ਨਾਗਰਿਕਤਾ ਹੈ।ਮਿਲੀ ਸੂਚਨਾ ਦੇ ਆਧਾਰ ‘ਤੇ ਡੀਆਰਆਈ ਅਧਿਕਾਰੀਆਂ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕ ਵਿਦੇਸ਼ੀ ਔਰਤ ਦੇ ਸਮਾਨ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਅਧਿਕਾਰੀਆਂ ਨੇ ਜੋ ਦੇਖਿਆ ਉਹ ਹੈਰਾਨ ਕਰਨ ਵਾਲਾ ਸੀ। ਔਰਤ ਨੇ ਆਪਣੇ ਸਮਾਨ ਵਿਚ ਜੁੱਤੀਆਂ, ਮੋਇਸਚਰਾਈਜ਼ਰ ਦੀਆਂ ਬੋਤਲਾਂ, ਸ਼ੈਂਪੂ ਅਤੇ ਡੀਓਡਰੈਂਟ ਦੀਆਂ ਬੋਤਲਾਂ ਆਦਿ ਰੱਖੀਆਂ ਹੋਈਆਂ ਸਨ। ਤਲਾਸ਼ੀ ਦੌਰਾਨ ਇਹ ਸਾਰੀਆਂ ਵਸਤੂਆਂ ਅਸਧਾਰਨ ਤੌਰ ‘ਤੇ ਭਾਰੀਆਂ ਸਨ।
ਬਾਅਦ ਵਿਚ ਜਦੋਂ ਇਨ੍ਹਾਂ ਸਾਰੀਆਂ ਵਸਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਔਰਤ ਦੇ ਬੈਗ ਵਿਚੋਂ ਕੱਢੀਆਂ ਗਈਆਂ ਵੱਖ-ਵੱਖ ਬੋਤਲਾਂ ਅਤੇ ਜੁੱਤੀਆਂ ਵਿਚ ਛੁਪਾ ਕੇ ਰੱਖੀ ਚਿੱਟੇ ਪਾਊਡਰ ਵਰਗੀ ਕੋਈ ਚੀਜ਼ ਬਰਾਮਦ ਹੋਈ। ਜਦੋਂ ਫੀਲਡ ਟੈਸਟ ਕਿੱਟ ਦੀ ਵਰਤੋਂ ਕਰਕੇ ਚਿੱਟੇ ਪਾਊਡਰ ਦੀ ਜਾਂਚ ਕੀਤੀ ਗਈ ਤਾਂ ਸਮਾਨ ਵਿਚੋਂ ਕੋਕੀਨ ਮਿਲਿਆ। ਔਰਤ ਦੇ ਬੈਗ ‘ਚੋਂ ਕਰੀਬ 1.979 ਕਿਲੋ ਸਫੈਦ ਪਾਊਡਰ ਯਾਨੀ ਕੋਕੀਨ ਬਰਾਮਦ ਹੋਈ ਹੈ। ਵਿਦੇਸ਼ੀ ਔਰਤ ਦੇ ਬੈਗ ‘ਚੋਂ ਬਰਾਮਦ ਕੋਕੀਨ ਦੀ ਬਾਜ਼ਾਰੀ ਕੀਮਤ 19.79 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ ਮਹਿਲਾ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਡੀਆਰਆਈ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਫਿਰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।