ਕੇਜਰੀਵਾਲ ਮਾਮਲੇ ਵਿਚ ਟਿੱਪਣੀ ਤੇ ਸਰਕਾਰ ਨੇ ਜਰਮਨੀ ਦੇ ਰਾਜਦੂਤ ਨੂੰ ਤਲਬ ਕੀਤਾ।
ਦਿੱਲੀ -23 ਮਾਰਚ 2024
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਰਮਨੀ ਦੇ ਰਾਜਦੂਤ ਜਾਰਜ ਐਨਜ਼ਵੇਲਰ ਨੂੰ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਤਲਬ ਕੀਤਾ। ਮੰਤਰਾਲੇ ਨੇ ਕਿਹਾ ਕਿ ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਜਰਮਨ ਵਿਦੇਸ਼ ਮੰਤਰਾਲੇ ਦੀ ਟਿੱਪਣੀ ਭਾਰਤ ਦੀ ਨਿਆਂਇਕ ਪ੍ਰਕਿਰਿਆ ’ਚ ਦਖ਼ਲਅੰਦਾਜ਼ੀ ਹੈ। ਮੰਤਰਾਲੇ ਨੇ ਕਿਹਾ ਕਿ ਕੋਈ ਵੀ ਪੱਖਪਾਤੀ ਧਾਰਨਾਵਾਂ ਬਿਲਕੁਲ ਗੈਰ-ਵਾਜਬ ਹੈ।
ਜਰਮਨ ਅਧਿਕਾਰੀ ਨੇ ਕਿਹਾ ਕਿ ਸਾਨੂੰ ਵਿਸ਼ਵਾਸ ਅਤੇ ਉਮੀਦ ਹੈ ਕਿ ਇਸ ਮਾਮਲੇ ’ਚ ਨਿਆਂਪਾਲਿਕਾ ਦੀ ਆਜ਼ਾਦੀ ਅਤੇ ਬੁਨਿਆਦੀ ਲੋਕਤੰਤਰੀ ਸਿਧਾਂਤਾਂ ਨਾਲ ਜੁੜੇ ਮਾਪਦੰਡ ਵੀ ਲਾਗੂ ਹੋਣਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਨਵੀਂ ਦਿੱਲੀ ਵਿਚ ਜਰਮਨੀ ਦੇ ਦੂਤਾਵਾਸ ਦੇ ਉਪ ਮੁਖੀ ਨੂੰ ਅੱਜ ਤਲਬ ਕੀਤਾ ਗਿਆ। ਜਿਨ੍ਹਾਂ ਸਾਡੇ ਅੰਦਰੂਨੀ ਮਾਮਲਿਆਂ ’ਤੇ ਉਨ੍ਹਾਂ ਦੇ ਵਿਦੇਸ਼ ਮੰਤਰੀ ਦੀ ਟਿੱਪਣੀ ਤੇ ਭਾਰਤ ਦਾ ਸਖ਼ਤ ਵਿਰੋਧ ਪ੍ਰਗਟਾਇਆ ਸੀ।
ਉਨ੍ਹਾਂ ਕਿਹਾ ਕਿ ਅਜਿਹੀਆਂ ਟਿੱਪਣੀਆਂ ਨਾਲ ਸਾਡੀ ਨਿਆਂਇਕ ਪ੍ਰਕਿਰਿਆ ਵਿਚ ਦਖਲਅੰਦਾਜ਼ੀ ਅਤੇ ਸਾਡੀ ਨਿਆਂਪਾਲਿਕਾ ਦੀ ਸੁਤੰਤਰਤਾ ਨੂੰ ਕਮਜ਼ੋਰ ਕਰਦਾ ਹੈ। ਜੈਸਵਾਲ ਨੇ ਕਿਹਾ ਕਿ ਭਾਰਤ ਕਾਨੂੰਨ ਦੇ ਸ਼ਾਸਨ ਦੇ ਨਾਲ ਇੱਕ ਜੀਵੰਤ ਅਤੇ ਮਜ਼ਬੂਤ ਲੋਕਤੰਤਰ ਹੈ। ਜਿਵੇਂ ਕਿ ਦੇਸ਼ ਵਿਚ ਅਤੇ ਲੋਕਤੰਤਰੀ ਦੁਨੀਆਂ ਵਿਚ ਹੋਰ ਸਾਰੀਆਂ ਥਾਵਾਂ ’ਤੇ ਸਾਰੇ ਕਾਨੂੰਨੀ ਮਾਮਲਿਆਂ ’ਚ ਹੁੰਦਾ ਹੈ, ਕਾਨੂੰਨ ਇਸ ਮਾਮਲੇ ਵਿਚ ਆਪਣਾ ਕੰਮ ਕਰੇਗਾ। ਇਸ ਬਾਰੇ ਵਿਚ ਪੱਖਪਾਤੀ ਧਾਰਨਾਵਾਂ ਪੂਰੀ ਤਰ੍ਹਾਂ ਗੈਰ-ਵਾਜਬ ਹਨ।