ਲੁਧਿਆਣਾ ਵਿੱਚ ਉੱਘੇ ਲੇਖਕ ਤੇ ਸਫ਼ਲ ਕਿਸਾਨ ਸਃ ਮਹਿੰਦਰ ਸਿੰਘ ਦੋਸਾਂਝ ਨੂੰ ਸਃ ਪ੍ਰੀਤਮ ਸਿੰਘ ਬਾਸੀ ਪੁਰਸਕਾਰ ਪ੍ਰਦਾਨ

ਲੁਧਿਆਣਾਃ 19 ਮਾਰਚ 2024

ਬੀ ਸੀ ਪੰਜਾਬੀ ਕਲਚਰਲ ਫਾਉਂਡੇਸ਼ਨ ਸਰੀ (ਕੈਨੇਡਾ) ਵੱਲੋਂ ਸਥਾਪਿਤ ਸ. ਪ੍ਰੀਤਮ ਸਿੰਘ ਬਾਸੀ ਪੁਰਸਕਾਰ ਅੱਜ

ਲੁਧਿਆਣਾ ਦੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ਜਗਤਪੁਰ(ਸ਼ਹੀਦ ਭਗਤ ਸਿੰਘ ਨਗਰ) ਵਾਸੀ ਅਗਾਂਹਵਧੂ ਪੰਜਾਬੀ ਲੇਖਕ ਤੇ ਸਫ਼ਲ ਕਿਰਤੀ ਕਿਸਾਨ ਸ. ਮਹਿੰਦਰ ਸਿੰਘ ਦੋਸਾਂਝ ਨੂੰ ਭੇਟ ਕੀਤਾ ਗਿਆ।

ਕੈਨੇਡਾ ਵੱਸਦੇ ਪੰਜਾਬੀ ਕਵੀ ਮੰਗਾ ਸਿੰਘ ਬਾਸੀ ਦੇ ਸਤਿਕਾਰਤ ਪਿਤਾ ਜੀ ਦੀ ਯਾਦ ਵਿੱਚ ਸਥਾਪਿਤ ਇਸ ਪੁਰਸਕਾਰ ਵਿੱਚ 51 ਹਜ਼ਾਰ ਰੁਪਏ ਦੀ ਧਨ ਰਾਸ਼ੀ, ਸਨਮਾਨ ਪੱਤਰ ਤੇ ਦੋਸ਼ਾਲਾ ਡਾ. ਵਰਿਆਮ ਸਿੰਘ ਸੰਧੂ, ਡਾ. ਸ ਪ੍ਰੀਤਮ ਸਿੰਘ ਅਮਰੀਕਾ ਤੋਂ ਆਏ ਪੰਜਾਬੀ ਕਵੀ ਰਵਿੰਦਰ ਸਹਿਰਾਅ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਭੇਂਟ ਕੀਤਾ। ਇਸ ਸਨਮਾਨ ਰਸਮ ਵਿੱਚ ਸ. ਪ੍ਰੀਤਮ ਸਿੰਘ ਬਾਸੀ ਜੀ ਦੀਆਂ ਕੈਨੇਡਾ ਕੋਂ ਆਈਆਂ ਦੋ ਧੀਆਂ ਹਰਭਜਨ ਕੌਰ ਤੇ ਪ੍ਰਕਾਸ਼ ਕੌਰ ਸਮੇਤ ਉਨ੍ਹਾਂ ਦੇ ਜੱਦੀ ਪਿੰਡ ਬੀੜ ਬੰਸੀਆਂ ਤੋਂ ਆਏ ਉਨ੍ਹਾਂ ਦੇ ਭਤੀਜੇ ਸ. ਗੁਰਦੀਪ ਸਿੰਘ ਬਾਸੀ ਯੂ ਕੇ, ਬਹਾਦਰ ਸਿੰਘ ਬਾਸੀ,ਸੰਤੋਖ ਸਿੰਘ ਬਾਸੀ, ਅਵਤਾਰ ਸਿੰਘ ਬਾਸੀ , ਹਰਜਿੰਦਰ ਸਿੰਘ ਸੰਧੂ, ਡਾ. ਗੁਰਇਕਬਾਲ ਸਿੰਘ ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਤੇ ਜੀ ਜੀ ਐੱਨ ਆਈ ਐੱਮ ਟੀ ਦੇ ਡਾਇਰੈਕਟਰ ਪ੍ਰੋ. ਮਨਜੀਤ ਸਿੰਘ ਛਾਬੜਾ ਵੀ ਸ਼ਾਮਿਲ ਹੋਏ। ਸ. ਮਹਿੰਦਰ ਸਿੰਘ ਦੋਸਾਂਝ ਬਾਰੇ ਵਿਸ਼ੇਸ਼ ਜਾਣ ਪਛਾਣ ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ. ਲਖਵਿੰਦਰ ਸਿੰਘ ਜੌਹਲ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੋਸਾਂਝ ਨੇ ਕਵੀਈ ਜਦ ਕਿ ਸ਼ੋਭਾ ਪੱਤਰ ਤ੍ਰੈਲੋਚਨ ਲੋਚੀ ਨੇ ਪੜ੍ਹਿਆ। ਇਸ ਪੁਰਸਕਾਰ ਦੇ ਸੰਸਥਾਪਕ ਮੰਗਾ ਸਿੰਘ ਬਾਸੀ ਤੇ ਉਨ੍ਹਾਂ ਦੇ ਪਿਤਾ ਜੀ ਬਾਰੇ ਸ. ਹਰਜਿੰਦਰ ਸਿੰਘ ਸੰਧੂ ਨੇ ਵੀ ਨਿਕਟਵਰਤੀ ਸਾਂਝ ਦੇ ਹਵਾਲੇ ਨਾਲ ਸੰਬੋਧਨ ਕੀਤਾ।

ਸੁਆਗਤੀ ਭਾਸ਼ਨ ਦੇਂਦਿਆਂ ਗੁਜਰਾਂਵਾਲਾ ਗੁਰੂ ਨਾਨਕ ਵਿਦਿਅਕ ਸੰਸਥਾਵਾਂ ਦੇ ਪ੍ਰਧਾਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ ਪ ਸਿੰਘ ਨੇ ਕਿਹਾ ਕਿ ਬਦੇਸ਼ਾਂ ਵਿੱਚ ਵੱਸਦੇ ਪੰਜਾਬੀ ਲੇਖਕਾਂ ਵਿੱਚੋਂ ਪੰਜਾਬੀ ਕਵੀ ਮੰਗਾ ਸਿੰਘ ਬਾਸੀ ਨੇ ਆਪਣੇ ਪਿਤਾ ਜੀ ਦੀ ਯਾਦ ਵਿੱਚ ਇਹ ਪੁਰਸਕਾਰ ਸਥਾਪਤ ਕਰਕੇ ਸੁਲੱਗ ਪੁੱਤਰਾਂ ਵਾਲਾ ਧਰਮ ਨਿਭਾਇਆ ਹੈ। ਮੈਨੂੰ ਮਾਣ ਹੈ ਕਿ ਮੰਗਾ ਸਿੰਘ ਬਾਸੀ ਮੇਰਾ ਪਿਆਰ ਪਾਤਰ ਹੈ ਤੇ ਉਸ ਵੱਲੋਂ ਕਰਵਾਏ ਨੌਂ ਪੁਰਸਕਾਰਾਂ ਵਿੱਚੋਂ ਬਹੁਤਿਆਂ ਵਿੱਚ ਸ਼ਾਮਿਲ ਹੋਇਆਂ। ਸਾਡੇ ਕਾਲਿਜ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਕ ਵੱਲੋਂ ਪਹਿਲਾਂ ਅਸੀਂ ਸ. ਹਰਬੀਰ ਸਿੰਘ ਭੰਵਰ ਜੀ ਨੂੰ ਇਹ ਪੁਰਸਕਾਰ ਇਥੇ ਹੀ ਦੇ ਚੁਕੇ ਹਾਂ।

ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਬੋਲਦਿਆ ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਕਿਰਤ ਤੇ ਸਾਹਿੱਤ ਸਿਰਜਣਾ ਦੇ ਸੁੱਚਮ ਨੂੰ ਜਿਸ ਮਿਸਾਲੀ ਢੰਗ ਨਾਲ ਸ. ਮਹਿੰਦਰ ਸਿੰਘ ਦੋਸਾਂਝ ਨੇ ਸਾਰੀ ਉਮਰ ਨਿਭਾਇਆ ਹੈ, ਉਸ ਤੋਂ ਸਾਨੂੰ ਸਭ ਨੂੰ ਪ੍ਰੇਰਨਾ ਲੈਣ ਦੀ ਲੋੜ ਹੈ। ਰੀੜ੍ਹ ਦੀ ਹੱਡੀ ਕਾਇਮ ਰੱਖ ਕੇ ਹੀ ਗੁਰੂ ਨਾਨਕ ਦੇਵ ਜੀ ਦੇ ਮਾਪਚਰਗ ਦਾ ਪਾਂਧੀ ਬਣਿਆ ਜਾ ਸਕਦਾ ਹੈ।

ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਅਮਰੀਕਾ ਤੋਂ ਆਏ ਲੇਖਕ ਰਵਿੰਦਰ ਸਹਿਰਾਅ ਨੇ ਕਿਹਾ ਕਿ ਮੰਗਾ ਸਿੰਘ ਬਾਸੀ ਤੇ ਉਸ ਦੇ ਸਤਿਕਾਰਤ ਪਿਤਾ ਜੀ ਸ. ਪ੍ਰੀਤਮ ਸਿੰਘ ਬਾਸੀ ਅਦਬ ਨੂੰ ਪ੍ਰਣਾਏ ਲੋਕ ਹਨ। ਲਗਪਗ 50 ਸਾਲ ਦੀ ਪਰਿਵਾਰਕ ਸਾਂਝ ਦੇ ਆਧਾਰ ਤੇ ਕਹਿ ਸਕਦਾ ਹਾਂ ਕਿ ਕਿਰਤੀ ਕਿਸਾਨ ਵਜੋਂ ਸ. ਪ੍ਰੀਤਮ ਸਿੰਘ ਬਾਸੀ ਜੀ ਨੇ ਦੋਆਬਾ ਮੰਜਕੀ ਖੇਤਰ ਵਿੱਚ ਚੰਗਾ ਨਾਮਣਾ ਖੱਟਿਆ ਅਤੇ ਉਨ੍ਹਾਂ ਦੀ ਯਾਦ ਵਿੱਚ ਸਨਮਾਨਿਤ ਹੋਣ ਵਾਲੇ ਲੇਖਕ ਮਹਿੰਦਰ ਦੋਸਾਂਝ ਨੇ ਵੀ ਕਿਰਤ ਨੂੰ ਹੀ ਧਰਮ ਵਾਂਗ ਨਿਭਾਇਆ।

ਇਸ ਪੁਰਸਕਾਰ ਦੀ ਸਥਾਪਨਾ ਬਾਰੇ ਜਾਣਕਾਰੀ ਦੇਂਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ

ਇਸ ਤੋਂ ਪਹਿਲਾਂ ਇਹ ਪੁਰਸਕਾਰ ਨਾਮਵਰ ਅਦਬੀ ਸ਼ਖਸੀਅਤਾਂ ਪੰਜਾਬੀ ਕਵੀ ਸਰਵਣ ਰਾਹੀ, ਨਦੀਮ ਪਰਮਾਰ, ਜਰਨੈਲ ਸਿੰਘ ਸੇਖਾ, ਡਾ. ਸਾਧੂ ਸਿੰਘ, ਸੁਖਵਿੰਦਰ ਕੰਬੋਜ, ਹਰਬੀਰ ਸਿੰਘ ਭੰਵਰ,ਸੁਰਿੰਦਰ ਧੰਜਲ ਨੂੰ ਪ੍ਰਦਾਨ ਕੀਤਾ ਜਾ ਚੁਕਾ ਹੈ। ਪੁਰਸਕਾਰ ਚੋਣ ਕਮੇਟੀ ਵਿੱਚ ਸ. ਜਰਨੈਲ ਸਿੰਘ ਸੇਖਾ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਸ਼ਾਮਿਲ ਹੈ।

ਪੁਰਸਕਾਰ ਹਾਸਲ ਕਰਨ ਉਪਰੰਤ ਧੰਨਵਾਦੀ ਸ਼ਬਦ ਬੋਲਦਿਆਂ ਸ. ਮਹਿੰਦਰ ਸਿੰਘ ਦੋਸਾਂਝ ਨੇ ਕਿਹਾ ਕਿ ਮੇਰਾ ਜਨਮ 1940 ਵਿੱਚ ਜਗਤਪੁਰ(ਨਵਾਂ ਸ਼ਹਿਰ) ਵਿੱਚ ਨਾਨਕੇ ਘਰ ਹੋਇਆ। ਭਾਵੇਂ ਮੇਰੇ ਪਿਤਾ ਜੀ ਪੰਜਾਬ ਦੇ ਉੱਘੇ ਸਿੱਖਿਆ ਸ਼ਾਸਤਰੀ ਪ੍ਰਿੰਸੀਪਲ ਗੁਰਚਰਨ ਸਿੰਘ ਦੋਸਾਂਝ ਸਨ ਪਰ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਦਾ ਗਿਆਨ ਉਨ੍ਹਾਂ ਬਿਨਾ ਸਕੂਲ ਕਾਲਿਜ ਪੜ੍ਹਿਆਂ ਹੀ ਖ਼ੁਦ ਹਾਸਲ ਕੀਤਾ। ਪਿੰਡ ਦੀ ਲਾਇਬਰੇਰੀ ਨੇ ਸਾਹਿੱਤ ਨਾਲ ਜੋੜਿਆ। ਸਾਹਿੱਤ ਸਿਰਜਣਾ ਦੇ ਨਾਲ ਨਾਲ ਆਪ ਨੂੰ ਖੇਤੀਬਾੜੀ ਖੋਜ ਨਾਲ ਸਬੰਧਿਤ ਅਦਾਰਿਆਂ ਦੀਆਂ ਕਮੇਟੀਆਂ ਤੇ ਸੰਸਥਾਵਾਂ ਦੀ ਮੈਂਬਰਸ਼ਿਪ ਵੀ ਆਪਣੇ ਆਪ ਮਿਲੀ। ਮੈਨੂੰ ਮਾਣ ਹੈ ਕਿ ਮੇਰੀ ਜੀਵਨ ਸਾਥਣ ਮਹਿੰਦਰ ਕੌਰ ਪੂਰੇ ਜੀਵਨ ਸੰਘਰਸ਼ ਵਿੱਚ ਮਰਦੇ ਦਮ ਤੀਕ ਉਨ੍ਹਾਂ ਨਾਲ ਪੂਰੀ ਨਿਭੀ।

ਉਨ੍ਹਾਂ ਦੱਸਿਆ ਕਿ ਮੇਰੀਆਂ ਮੌਲਿਕ ਰਚਨਾਵਾਂ ਵਿੱਚ ਦਿਸ਼ਾ (ਮੌਲਿਕ ਕਾਵਿ ਸੰਗ੍ਰਹਿ, 1972) ਕਿਰਤ ਨਾਲ ਜੁੜੇ ਰਿਸ਼ਤੇ (ਮੌਲਿਕ ਕਹਾਣੀ ਸੰਗ੍ਰਹਿ, 1984), ਰੌਸ਼ਨੀ ਦੀ ਭਾਲ (ਮੌਲਿਕ ਕਾਵਿ ਸੰਗ੍ਰਹਿ, 1998) ਤੇ ਯਾਦਾਂ ਪਾਕਿਸਤਾਨ ਦੀਆਂ ( ਸਫਰਨਾਮਾ) ਤੇ ਕੁਝ ਹੋਰ ਕਿਰਤਾਂ ਹਨ।

ਸ. ਦੋਸਾਂਝ ਨੇ ਦੱਸਿਆ ਕਿ ਸਾਹਿੱਤ, ਸਿੱਖਿਆ ਸਮਾਜ ਕਲਿਆਣ ਤੇ ਦਿਹਾਤੀ ਵਿਕਾਸ ਦੇ ਖੇਤਰ ਵਿਚ ਮੈਂ ਤੇ ਰਵਿੰਦਰ ਰਵੀ ਜੀ ਨੇ 1960 ਵਿਚ ਲਿਖਾਰੀ ਸਭਾ ਜਗਤਪੁਰ ਦੀ ਸਥਾਪਨਾ ਕੀਤੀ ਤੇ ਇਲਾਕੇ ਦੇ ਲਗਪਗ 10 ਪਿੰਡਾਂ ਲਈ ਪੁਸਤਕਾਂ ਦੇ ਪ੍ਰਬੰਧ ਕਰਕੇ ਪੇਂਡੂ ਸਾਹਿੱਤਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ।

ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਡਾਇਰੈਕਟਰ ਪ੍ਰੋ. ਮਨਜੀਤ ਸਿੰਘ ਛਾਬੜਾ ਨੇ ਧੰਨਵਾਦ ਦੇ ਸ਼ਬਦ ਕਹੇ। ਇਸ ਮੌਕੇ ਉੱਘੇ ਲੇਖਕ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ,ਬਾਲਟੀਮੋਰ (ਅਮਰੀਕਾ) ਤੋਂ ਆਏ ਲੇਖਕ ਡਾ. ਸੁਰਿੰਦਰ ਸਿੰਘ ਗਿੱਲ, ਪੰਜਾਬੀ ਕਵਿੱਤਰੀ ਰਾਜਿੰਦਰ ਕੌਰ ਗਿੱਲ, ਹੁਣ ਮੈਗਜ਼ੀਨ ਦੀ ਸੰਪਾਦਕ ਕਮਲ ਦੋਸਾਂਝ, ਡਾ, ਤੇਜਿੰਦਰ ਕੌਰ, ਪ੍ਰੋ. ਸ਼ਰਨਜੀਤ ਕੌਰ, ਡਾ. ਗੁਰਪ੍ਰੀਤ ਸਿੰਘ, ਰਾਜਿੰਦਰ ਸਿੰਘ ਸੰਧੂ, ਬਾਲ ਸਾਹਿੱਤ ਲੇਖਕ ਅਮਰੀਕ ਸਿੰਘ ਢੀਂਡਸਾ ਰਹਿਪਾ ਵੀਸ਼ਾਮਿਲ ਹੋਏ। ਬੀ ਸੀ ਪੰਜਾਬੀ ਕਲਚਰਲ ਫਾਉਂਡੇਸ਼ਨ ਵੱਲੋਂ ਡਾ. ਸ ਪ ਸਿੰਘ, ਵਰਿਆਮ ਸਿੰਘ ਸੰਧੂ, ਰਵਿੰਦਰ ਸਹਿਰਾਅ ਤੇ ਡਾ. ਲਖਵਿੰਦਰ ਸਿੰਘ ਜੌਹਲ ਨੂੰ ਦਸਤਾਰਾਂ ਭੇਂਟ ਕੀਤੀਆਂ ਗਈਆਂ ਜਦ ਕਿ ਮੰਗਾ ਸਿੰਘ ਬਾਸੀ ਦੀਆਂ ਵੱਡੀਆਂ ਭੈਣਾਂ ਹਰਭਜਨ ਕੌਰ, ਪ੍ਰਕਾਸ਼ ਕੌਰ ਤੇ ਭਾਬੀ ਨੀਰੂ ਸਹਿਰਾਅ ਨੂੰ ਫੁਲਕਾਰੀਆਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਡਾ. ਗੁਰਇਕਬਾਲ ਸਿੰਘ ਨੇ ਕੀਤਾ।