ਕੋਰੋਨਾ ਵਾਲੰਟੀਅਰ ਨੇ ਪ੍ਰਦਰਸ਼ਨ ਦੌਰਾਨ ਜ਼ਹਿਰ ਪੀਤਾ।

 

ਮੁਹਾਲੀ -19 ਮਾਰਚ 2024

ਮੁਹਾਲੀ ਦੇ ਖਰੜ ਕਸਬੇ ਵਿਚ ਸਰਕਾਰ ਦਾ ਵਿਰੋਧ ਕਰ ਰਹੇ ਇੱਕ ਕੋਰੋਨਾ ਵਾਲੰਟੀਅਰ ਨੇ ਡੀਐਸਪੀ ਕਰਨ ਸੰਧੂ ਦੀ ਹਾਜ਼ਰੀ ਵਿਚ ਜ਼ਹਿਰ ਪੀ ਲਿਆ। ਉਸ ਨੂੰ ਖਰੜ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ। ਕੋਰੋਨਾ ਵਲੰਟੀਅਰ ਦੀ ਪਛਾਣ ਮਨਪ੍ਰੀਤ ਸਿੰਘ ਵਾਸੀ ਫਤਿਹਗੜ੍ਹ ਸਾਹਿਬ ਵਜੋਂ ਹੋਈ ਹੈ।

ਪੰਜਾਬ ਭਰ ਵਿਚ ਸੈਂਕੜੇ ਵਾਲੰਟੀਅਰਾਂ ਨੇ ਕੋਰੋਨਾ ਦੇ ਸਮੇਂ ਦੌਰਾਨ ਸਰਕਾਰ ਦੇ ਹੁਕਮਾਂ ‘ਤੇ ਪਾਲਣਾ ਕੀਤੀ। ਹੁਣ ਉਹ ਸਰਕਾਰ ਤੋਂ ਨੌਕਰੀ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਪੰਜਾਬ ਭਰ ਤੋਂ 200 ਦੇ ਕਰੀਬ ਕੋਰੋਨਾ ਵਾਲੰਟੀਅਰ ਖਰੜ ਬਾਰਡਰ ‘ਤੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਸੜਕ ਨੂੰ ਜਾਮ ਕਰ ਦਿੱਤਾ। ਵੱਧਦੇ ਰੋਸ ਨੂੰ ਦੇਖਦਿਆਂ ਡੀਐਸਪੀ ਕਰਨ ਸੰਧੂ ਮੌਕੇ ’ਤੇ ਪੁੱਜੇ।

ਰੋਡ ਜਾਮ ਕਰਨ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਨਪ੍ਰੀਤ ਨੇ ਪੁਲਿਸ ਦੇ ਸਾਹਮਣੇ ਹੀ ਜ਼ਹਿਰ ਪੀ ਲਿਆ। ਇਸ ਮਗਰੋਂ ਮੌਕੇ ’ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਅਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਕੇ ਧਰਨਾ ਸਮਾਪਤ ਕਰ ਦਿੱਤਾ ਗਿਆ।