ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦਾ ਜੱਦੀ ਪਿੰਡ ਕੀਤਾ ਗਿਆ ਸਸਕਾਰ, ਪਰਿਵਾਰ ਨੂੰ 2 ਕਰੋੜ ਮੁਆਵਜੇ ਦਾ ਐਲਾਨ।

ਪੰਜਾਬ ਨਿਊਜ਼- 18 ਮਾਰਚ 2024

ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ‘ਚ ਐਤਵਾਰ ਨੂੰ ਪੁਲਿਸ-ਗੈਂਗਸਟਰ ਮੁਕਾਬਲੇ ‘ਚ ਸ਼ਹੀਦ ਹੋਏ ਸੀਨੀਅਰ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦਾ ਸਸਕਾਰ ਸੋਮਵਾਰ ਨੂੰ ਕਰ ਦਿੱਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕ ਪਹੁੰਚੇ। ਇਸ ਦੇ ਨਾਲ ਹੀ ਪੁਲਿਸ ਨੇ ਸੀਨੀਅਰ ਕਾਂਸਟੇਬਲ ਦੇ ਕਾਤਲ ਗੈਂਗਸਟਰ ਸੁਖਵਿੰਦਰ ਸਿੰਘ ਉਰਫ਼ ਰਾਣਾ ਦੀ ਭਾਲ ਲਈ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ।

ਇਸ ਦੌਰਾਨ ਸ਼ਹੀਦ ਸੀਨੀਅਰ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ 2 ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਨੇ ਸ਼ਹੀਦ ਦੇ ਪਰਿਵਾਰ ਨੂੰ ਉਮਰ ਭਰ ਸਹਾਇਤਾ ਦਾ ਭਰੋਸਾ ਦਿੱਤਾ ਹੈ। ਪੁਲਿਸ ਮੁਤਾਬਕ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।ਇਸ ਸਬੰਧੀ ਪੁਲਿਸ ਟੀਮਾਂ ਦਸੂਹਾ, ਹਾਜੀਪੁਰ, ਮੁਕੇਰੀਆਂ, ਤਲਵਾੜਾ, ਗੜ੍ਹਦੀਵਾਲਾ ਅਤੇ ਹੋਰ ਇਲਾਕਿਆਂ ਵਿਚ ਜਾਂਚ ਕਰ ਰਹੀਆਂ ਹਨ। ਮੁਲਜ਼ਮ ਰਾਣਾ ਦੇ ਰਿਸ਼ਤੇਦਾਰਾਂ ’ਤੇ ਵੀ ਛਾਪੇ ਮਾਰੇ ਜਾ ਰਹੇ ਹਨ। ਰਾਣਾ ਦੇ ਜੰਗਲ ਵਿਚ ਲੁਕੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਪੰਜਾਬ-ਹਿਮਾਚਲ ਸਰਹੱਦ ‘ਤੇ ਵੱਡੀ ਗਿਣਤੀ ਵਿਚ ਸਿਪਾਹੀ ਤਾਇਨਾਤ ਕਰ ਦਿੱਤੇ ਹਨ। ਆਉਣ-ਜਾਣ ਵਾਲੇ ਲੋਕਾਂ ਅਤੇ ਵਾਹਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ।ਪੁਲਿਸ ਨੇ ਸੂਚਨਾ ਦੇਣ ਵਾਲੇ ਨੂੰ 25,000 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।