ਆਯੁਸ਼ਮਾਨ ਕਾਰਡ ਹੋਣ ਦੇ ਬਾਵਜੂਦ ਪੈਸੇ ਲੈਣ ਤੇ ਹਸਪਤਾਲ ਤੇ 45 ਲੱਖ ਦਾ ਜੁਰਮਾਨਾ

ਨਵੀਂ ਦਿੱਲੀ : 16 ਮਾਰਚ 2024

ਗੁਜਰਾਤ ਦੇ ਇਕ ਹਸਪਤਾਲ ‘ਤੇ ਕੇਂਦਰ ਦੀ ਆਯੁਸ਼ਮਾਨ ਯੋਜਨਾ ਤਹਿਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਕਾਰਡ ਹੋਣ ਦੇ ਬਾਵਜੂਦ ਇਲਾਜ ਲਈ ਪੈਸੇ ਲੈਣ ਕਾਰਨ 45 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇੰਨਾ ਹੀ ਨਹੀਂ ਹਸਪਤਾਲ ਨੂੰ ਮਰੀਜ਼ ਦੇ ਪਰਿਵਾਰ ਤੋਂ ਵਸੂਲੇ ਗਏ 9 ਲੱਖ ਰੁਪਏ ਵਾਪਸ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਲਈ ਅਹਿਮਦਾਬਾਦ ਦੇ ਗੁਰੂਕੁਲ ਸਥਿਤ ਸਟਰਲਿੰਗ ਹਸਪਤਾਲ ਨੂੰ ਸੱਤ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।  ਦੋਸ਼ ਹੈ ਕਿ ਹਸਪਤਾਲ ਨੇ ਮਰੀਜ਼ ਕੋਲ ਪੀਐਮਜੇਏਵਾਈ ਕਾਰਡ ਹੋਣ ਦੇ ਬਾਵਜੂਦ ਇਲਾਜ ਲਈ 9 ਲੱਖ  ਜਮ੍ਹਾ ਨਾ ਕਰਵਾਉਣ ਕਾਰਨ ਇਲਾਜ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਮਰੀਜ਼ ਦੀ ਮੌਤ ਹੋ ਗਈ। ਹੁਣ ਜ਼ਿਲ੍ਹਾ ਸਿਹਤ ਅਫ਼ਸਰ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਕਾਰਵਾਈ ਕੀਤੀ ਹੈ।

ਦਰਅਸਲ, ਅਹਿਮਦਾਬਾਦ ਦੇ ਸੋਲਾ ‘ਚ ਰਹਿਣ ਵਾਲੇ ਜਸ਼ਵੰਤ ਨਾਇਕ ਦੀ ਪਤਨੀ ਰੰਜਨਾ ਨਾਇਕ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਐਮਰਜੈਂਸੀ ਇਲਾਜ ਲਈ ਸਟਰਲਿੰਗ ਹਸਪਤਾਲ ਲਿਜਾਇਆ ਗਿਆ ਸੀ। ਰੰਜਨਾ ਨਾਇਕ ਕੋਲ ਪੀਐੱਮਜੇਏਵਾਈ ਕਾਰਡ ਹੋਣ ਦੇ ਬਾਵਜੂਦ ਸਟਰਲਿੰਗ ਹਸਪਤਾਲ ਨੇ ਯੋਜਨਾ ਤਹਿਤ ਉਸਦਾ ਇਲਾਜ ਨਹੀਂ ਕਰਵਾਇਆ।ਦੋਸ਼ ਹੈ ਕਿ ਹਸਪਤਾਲ ਨੇ ਇਲਾਜ ਲਈ ਨਕਦੀ ਦੀ ਮੰਗ ਕੀਤੀ ਸੀ। ਹਸਪਤਾਲ ਨੇ ਮਰੀਜ਼ ਦੀ ਹਾਲਤ ਨੂੰ ਦੇਖਦੇ ਹੋਏ ਨਕਦੀ ਜਮ੍ਹਾ ਕਰਵਾਉਣ ਜਾਂ ਮਰੀਜ਼ ਨੂੰ ਕਿਸੇ ਹੋਰ ਥਾਂ ਸ਼ਿਫਟ ਕਰਨ ਲਈ ਕਿਹਾ ਸੀ। ਮਰੀਜ਼ ਦੀ ਹਾਲਤ ਨੂੰ ਦੇਖਦੇ ਹੋਏ ਪਰਿਵਾਰ ਵਾਲਿਆਂ ਨੇ ਇਲਾਜ ਲਈ ਨਕਦੀ ਜਮ੍ਹਾ ਕਰਵਾ ਦਿੱਤੀ।