ਕਾਂਗਰਸ ਵੱਲੋਂ ਲੋਕ ਸਭਾ ਲਈ ਦੂਜੀ ਸੂਚੀ ਜਾਰੀ – ਚਾਰ ਰਾਜਾਂ ਦੇ 43 ਉਮੀਦਵਾਰਾਂ ਦਾ ਐਲਾਨ
ਲੋਕ ਸਭਾ ਚੋਣਾਂ ਲਈ ਕਾਂਗਰਸ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਵਿੱਚ ਚਾਰ ਰਾਜਾਂ ਦੇ 43 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। 43 ਉਮੀਦਵਾਰਾਂ ਦੀ ਸੂਚੀ ਵਿੱਚ 13 ਓਬੀਸੀ, 10 ਐਸਸੀ, 9 ਐਸਟੀ ਅਤੇ ਇੱਕ ਮੁਸਲਿਮ ਚਿਹਰੇ ਨੂੰ ਟਿਕਟ ਦਿੱਤੀ ਗਈ ਹੈ। 76 ਫੀਸਦੀ ਉਮੀਦਵਾਰ 60 ਸਾਲ ਤੋਂ ਘੱਟ ਉਮਰ ਦੇ ਹਨ। ਇਸ ਸੂਚੀ ਵਿੱਚ ਅਸਾਮ ਤੋਂ 12, ਗੁਜਰਾਤ ਤੋਂ ਸੱਤ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ 10-10, ਉੱਤਰਾਖੰਡ ਤੋਂ ਤਿੰਨ ਅਤੇ ਦਮਨਦੀਵ ਤੋਂ ਇੱਕ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ।
ਪਾਰਟੀ ਵੱਲੋਂ ਜਾਰੀ ਸੂਚਨਾ ਅਨੁਸਾਰ ਇਸ ਸੂਚੀ ਨੂੰ ਕਾਂਗਰਸ ਪਾਰਟੀ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਮੀਟਿੰਗ ਵਿੱਚ ਮਨਜ਼ੂਰੀ ਦਿੱਤੀ ਗਈ। ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ‘ਚ ਹੋਈ ਬੈਠਕ ‘ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਹੋਰ ਮੈਂਬਰ ਸ਼ਾਮਲ ਹੋਏ। ਇਸ ਤੋਂ ਪਹਿਲਾਂ ਸੀਈਸੀ ਦੀ ਪਹਿਲੀ ਮੀਟਿੰਗ 7 ਮਾਰਚ ਨੂੰ ਹੋਈ ਸੀ ਅਤੇ 8 ਮਾਰਚ ਨੂੰ 39 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਸੀ। ਇਸ ਵਿੱਚ ਛੱਤੀਸਗੜ੍ਹ, ਕਰਨਾਟਕ, ਕੇਰਲ, ਲਕਸ਼ਦੀਪ, ਮੇਘਾਲਿਆ, ਨਾਗਾਲੈਂਡ, ਸਿੱਕਮ, ਤੇਲੰਗਾਨਾ ਅਤੇ ਤ੍ਰਿਪੁਰਾ ਦੀਆਂ ਲੋਕ ਸਭਾ ਸੀਟਾਂ ਲਈ ਨਾਵਾਂ ਦਾ ਐਲਾਨ ਕੀਤਾ ਗਿਆ।