ਸੜਕ ‘ ਚ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਹੋਈ ਪਤੀ ਪਤਨੀ ਦੀ ਮੌਤ
ਲੁਧਿਆਣਾ : 10 ਮਾਰਚ 2024
ਲੁਧਿਆਣਾ ਦੇ ਪਿੰਡ ਭੱਠਾ ਧੂਆ ‘ਚ ਐਤਵਾਰ ਨੂੰ ਟਰੱਕ ਦੀ ਲਪੇਟ ‘ਚ ਆਉਣ ਨਾਲ ਪਤੀ-ਪਤਨੀ ਦੀ ਮੌਤ ਹੋ ਗਈ।ਟਰੱਕ ਡਰਾਈਵਰ ਸ਼ਰਾਬ ਦੇ ਨਸ਼ੇ ‘ਚ ਸੀ। ਟਰੱਕ ਡਰਾਈਵਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।
ਮ੍ਰਿਤਕਾਂ ਦੀ ਪਛਾਣ ਪ੍ਰਦੀਪ ਸਿੰਘ ਅਤੇ ਮਨਦੀਪ ਕੌਰ ਵਾਸੀ ਪਿੰਡ ਚੰਗਨਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਹ ਜੋੜਾ ਅਪਣੇ ਪਿੱਛੇ 4 ਸਾਲ ਦਾ ਬੇਟਾ ਅਤੇ 2 ਸਾਲ ਦੀ ਧੀ ਛੱਡ ਗਿਆ ਹੈ। ਪ੍ਰਦੀਪ ਸਿੰਘ ਇਕ ਨਿੱਜੀ ਬੈਂਕ ਵਿਚ ਕੰਮ ਕਰਦਾ ਸੀ ਅਤੇ ਉਸ ਦੀ ਪਤਨੀ ਇਕ ਪ੍ਰਾਈਵੇਟ ਸਕੂਲ ਵਿਚ ਅਧਿਆਪਕਾ ਸੀ
ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਦੋਵੇਂ ਬੁਲੇਟ ‘ਤੇ ਕਿਸੇ ਰਿਸ਼ਤੇਦਾਰ ਦੇ ਸਮਾਗਮ ‘ਚ ਸ਼ਾਮਲ ਹੋਣ ਲਈ ਨਕੋਦਰ ਜਾ ਰਹੇ ਸਨ। ਇਕ ਤੇਜ਼ ਰਫਤਾਰ ਟਰੱਕ ਚਾਲਕ ਨੇ ਉਨ੍ਹਾਂ ਨੂੰ ਪਿੱਛੇ ਤੋਂ ਕੁਚਲ ਦਿਤਾ। ਲੋਕਾਂ ਅਨੁਸਾਰ ਇਹ ਟਰੱਕ ਇਕ ਸ਼ੈਲਰ ਮਾਲਕ ਦਾ ਹੈ।
ਲੋਕਾਂ ਨੇ ਘਟਨਾ ਵਾਲੀ ਥਾਂ ’ਤੇ ਧਰਨਾ ਦਿਤਾ ਅਤੇ ਸ਼ੈਲਰ ਮਾਲਕ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਥਾਣਾ ਮੁੱਲਾਂਪੁਰ ਦੀ ਪੁਲਿਸ ਨੇ ਮੁਲਜ਼ਮ ਡਰਾਈਵਰ ਵਿਰੁਧ ਕੇਸ ਦਰਜ ਕਰ ਲਿਆ ਹੈ। ਐਸਐਚਓ ਜਸਵੀਰ ਸਿੰਘ ਤੂਰ ਘਟਨਾ ਵਾਲੀ ਥਾਂ ’ਤੇ ਪੁੱਜੇ। ਜਸਵੀਰ ਸਿੰਘ ਅਨੁਸਾਰ ਦੋਸ਼ੀ ਟਰੱਕ ਡਰਾਈਵਰ ਨੂੰ ਫੜ ਲਿਆ ਗਿਆ ਹੈ। ਉਸ ਦਾ ਮੈਡੀਕਲ ਕਰਵਾਇਆ ਗਿਆ ਹੈ। ਪਰਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ।