ਪੁਲਿਸ ਨਾਲ ਹੋਈ ਹੱਥੋਪਾਈ ਵਿਚ ਰਵਨੀਤ ਬਿੱਟੂ ਤੇ ਭਾਰਤ ਭੂਸ਼ਣ ਗ੍ਰਿਫ਼ਤਾਰ ।
ਲੁਧਿਆਣਾ :5 ਮਾਰਚ 2024
ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਨਗਰ ਨਿਗਮ ਦਫ਼ਤਰ ਨੂੰ ਤਾਲਾ ਲਗਾ ਦਿੱਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਦੇ ਖਿਲਾਫ਼ ਐਫ.ਆਈ.ਆਰ. ਦਰਜ ਕਰ ਲਈ।
ਰਵਨੀਤ ਬਿੱਟੂ ਨੇ ਕੁੱਝ ਦਿਨ ਪਹਿਲਾਂ ਆਪ ਹੀ ਐਲਾਨ ਕੀਤਾ ਸੀ ਕਿ ਉਹ ਗ੍ਰਿਫ਼ਤਾਰੀ ਦੇਣਗੇ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿਚ ਸਮਰਥਕ ਡੀਸੀ ਦਫ਼ਤਰ ਦੇ ਬਾਹਰ ਅੱਜ ਪਹੁੰਚ ਗਏ ਸਨ। ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਇਸ ਦੌਰਾਨ ਪੁਲਿਸ ਅਤੇ ਕਾਂਗਰਸੀ ਸਮਰਥਕਾਂ ਵਿਚਕਾਰ ਭਾਰੀ ਹੰਗਾਮਾ ਹੋਇਆ। ਪੁਲਿਸ ਬੈਰੀਕੇਡ ਨੂੰ ਤੋੜਨ ਦੀ ਕੋਸ਼ਿਸ਼ ਕਰਨ ‘ਤੇ ਉਨ੍ਹਾਂ ਵਿਚਕਾਰ ਹੱਥੋਪਾਈ ਹੋ ਗਈ ਜਿਸ ਵਿਚ ਪੁਲਿਸ ਮੁਲਾਜ਼ਮਾਂ ਦੀਆਂ ਪੱਗਾਂ ਵੀ ਉਤਰ ਗਈਆਂ।
ਇਸ ਦੌਰਾਨ ਪੁਲਿਸ ਨੇ ਸੰਸਦ ਮੈਂਬਰ ਰਵਨੀਤ ਬਿੱਟੂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਨੂੰ ਗ੍ਰਿਫ਼ਤਾਰ ਕਰ ਲਿਆ।ਸਾਂਸਦ ਬਿੱਟੂ ਨੇ ਕਿਹਾ ਕਿ ‘ਆਪ’ ਸਰਕਾਰ ਕਾਂਗਰਸ ਨੂੰ ਦਬਾਉਣਾ ਚਾਹੁੰਦੀ ਹੈ, ਪਰ ਕਾਂਗਰਸ ਜ਼ਾਲਮ ਸਰਕਾਰ ਦੇ ਜ਼ੁਲਮਾਂ ਤੋਂ ਡਰਨ ਵਾਲੀ ਨਹੀਂ ਹੈ। ਉਸ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਬਕ ਸਿਖਾਉਣਗੇ।
ਸਾਂਸਦ ਬਿੱਟੂ ਤੋਂ ਇਲਾਵਾ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਲੁਧਿਆਣਾ ਕਾਂਗਰਸ ਦੇ ਪ੍ਰਧਾਨ ਸੰਜੇ ਤਲਵਾੜ, ਸਾਬਕਾ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਸਮੇਤ 60 ਕਾਂਗਰਸੀਆਂ ਨੂੰ ਨਿਗਮ ਦਫ਼ਤਰ ਨੂੰ ਤਾਲਾ ਲਾਉਣ ਸਬੰਧੀ ਪੁਲਿਸ ਵੱਲੋਂ ਦਰਜ ਐਫਆਈਆਰ ਵਿਚ ਨਾਮਜ਼ਦ ਕੀਤਾ ਗਿਆ ਹੈ। 4 ਦਿਨ ਪਹਿਲਾਂ ਬਿੱਟੂ ਨੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ ਸੀ। ਜਿਸ ਵਿੱਚ ਸਾਰੇ ਸੀਨੀਅਰ ਆਗੂਆਂ ਸਮੇਤ ਕਾਂਗਰਸੀ ਵਰਕਰਾਂ ਨੇ ਗ੍ਰਿਫਤਾਰੀ ਦਾ ਐਲਾਨ ਕੀਤਾ ਸੀ