5 ਮਾਰਚ ਨੂੰ ਪੰਜਾਬ ਭਰ ‘ ਚ ਜਿਲ੍ਹਾ ਪੱਧਰੀ ਰੋਸ ਮਾਰਚ ਕਿਸਾਨ ਜੱਥੇਬੰਦੀਆ ਕਰਨਗੀਆ।
ਚੰਡੀਗੜ੍ਹ:3 ਮਾਰਚ 2024
ਕਿਸਾਨਾ ਵੱਲੋਂ 5 ਮਾਰਚ ਨੂੰ ਪੰਜਾਬ ਭਰ ‘ਚ ਜ਼ਿਲ੍ਹਾ ਪੱਧਰੀ ਰੋਸ ਮਾਰਚ ਕਰਨ ਦਾ ਐਲਾਨ
ਚੰਡੀਗੜ੍ਹ : ਭਾਕਿਯੂ , ਭਾਕਿਯੂ ਏਕਤਾ ਡਕੌਂਦਾ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਭਾਰਤ ਤਿੰਨਾਂ ਜਥੇਬੰਦੀਆਂ ਵੱਲੋਂ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਵਰਗੇ ਭਖਦੇ ਕਿਸਾਨੀ ਮਸਲਿਆਂ ਨੂੰ ਹੱਲ ਕਰਨ ਦੇ ਲਿਖਤੀ ਵਾਅਦੇ ਤੋਂ ਮੁੱਕਰਨ ਵਾਲ਼ੀ ਕੇਂਦਰੀ ਭਾਜਪਾ ਸਰਕਾਰ ਵਿਰੁੱਧ ਵਿਸ਼ਾਲ ਜਨਤਕ ਉਭਾਰ ਪੈਦਾ ਕਰਨ ਲਈ 5 ਮਾਰਚ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੇ ਵਿਸ਼ਾਲ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਅੱਜ ਇੱਥੇ ਪ੍ਰੈਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਜਥੇਬੰਦੀਆਂ ਦੇ ਪ੍ਰਧਾਨ ਕ੍ਰਮਵਾਰ ਜੋਗਿੰਦਰ ਸਿੰਘ ਉਗਰਾਹਾਂ, ਮਨਜੀਤ ਸਿੰਘ ਧਨੇਰ ਅਤੇ ਡਾ: ਦਰਸ਼ਨਪਾਲ ਨੇ ਦੱਸਿਆ ਕਿ ਬੀਤੇ ਦਿਨ ਇਸ ਸੰਬੰਧੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਵਿੱਚ ਹੀ ਇਹ ਫੈਸਲਾ ਕੀਤਾ ਗਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਇਸ ਵਿਸ਼ਾਲ ਰੋਸ ਐਕਸ਼ਨ ਦੀਆਂ ਮੁੱਖ ਮੰਗਾਂ ਵਿਚ ਦਸੰਬਰ ’21 ਦੇ ਲਿਖਤੀ ਸਰਕਾਰੀ ਵਾਅਦੇ ਵਾਲੀਆਂ ਮੰਗਾਂ ਜਿਵੇਂ ਸਭ ਫਸਲਾਂ ਦੀ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ, ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਤੇ ਬੁਢਾਪਾ ਪੈਨਸ਼ਨ, ਸਰਵਜਨਿਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦੇਣ ਵਰਗੀਆਂ ਸਮੂਹ ਲਟਕਦੀਆਂ ਮੰਗਾਂ ਤੋਂ ਇਲਾਵਾ ਭਾਰਤ ਨੂੰ ਡਬਲਯੂਟੀਓ ਤੋਂ ਬਾਹਰ ਲਿਆਉਣ, ਸ਼ੁਭਕਰਨ ਸਿੰਘ ਦੇ ਕਤਲ ਅਤੇ ਪ੍ਰੀਤਪਾਲ ਸਿੰਘ ਦੀਆਂ ਲੱਤਾਂ/ਜਬਾੜ੍ਹੇ ਤੋੜਨ ਲਈ ਜ਼ਿੰਮੇਵਾਰ ਕੇਂਦਰ ਤੇ ਹਰਿਆਣਾ ਦੇ ਗ੍ਰਹਿ ਮੰਤਰੀਆਂ ਸਮੇਤ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਿਰੁੱਧ ਕਤਲ ਕੇਸ ਦਰਜ ਕਰ ਕੇ ਬਰਖਾਸਤ ਕਰਨ, ਦਿੱਲੀ ਘੋਲ਼ ਅਤੇ ਮੌਜੂਦਾ ਦੋਨਾਂ ਬਾਡਰਾਂ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦੇਣ ਅਤੇ ਰਾਜਧਾਨੀ ਦਿੱਲੀ ਵਿਚ ਕਿਸਾਨਾਂ ਦਾ ਜਨਤਕ ਸੰਘਰਸ਼ ਕਰਨ ਦਾ ਸੰਵਿਧਾਨਕ ਜਮਹੂਰੀ ਹੱਕ ਬਹਾਲ ਕਰਨ ਵਰਗੀਆਂ ਭਖਦੀਆਂ ਮੰਗਾਂ ਸ਼ਾਮਲ ਹਨ।