ਹੱਦਾਂ ਸੀਲ ਹੋਣ ਕਾਰਨ ਪੰਜਾਬ ਵਿਚ ਉਦਯੋਗਾਂ ਨੂੰ ਹੋ ਰਿਹਾ ਭਾਰੀ ਨੁਕਸਾਨ !
ਕਿਸਾਨ ਅੰਦੋਲਨ 20 ਫ਼ਰਵਰੀ 2024
ਦੂਜੇ ਸੂਬਿਆਂ ਤੋਂ ਨਹੀਂ ਆ ਰਹੇ ਖਰੀਦਦਾਰ ਜਿਸ ਕਾਰਨ ਨਹੀਂ ਹੋ ਰਹੀ ਕੱਚੇ ਮਾਲ ਦੀ ਸਪਲਾਈ।
ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ-ਐਮਐਸਪੀ, ਕਰਜ਼ਾ ਮੁਆਫ਼ੀ ਅਤੇ ਹੋਰ ਮੰਗਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਰੋਕਣ ਲਈ ਬੰਦ ਕੀਤੀਆਂ ਹੱਦਾਂ ਕਾਰਨ ਜਿਥੇ ਆਮ ਆਦਮੀ ਪ੍ਰਭਾਵਿਤ ਹੈ। ਇਸ ਦੇ ਨਾਲ ਹੀ ਸੂਬੇ ਦੀ ਇੰਡਸਟਰੀ ਉਤੇ ਵੀ ਮਾਰ ਪੈ ਰਹੀ ਹੈ। ਇਕ ਪਾਸੇ ਕੱਚੇ ਮਾਲ ਦੀ ਸਪਲਾਈ ਚੇਨ ਪ੍ਰਭਾਵਿਤ ਹੋ ਰਹੀ ਹੈ, ਨਤੀਜੇ ਵਜੋਂ ਨਵੇਂ ਆਰਡਰ ਲੈਣ ਵਿਚ ਦਿੱਕਤ ਆ ਰਹੀ ਹੈ ਅਤੇ ਪਹਿਲਾਂ ਦੀ ਦਿਤੇ ਗਏ ਆਰਡਰ ਵੀ ਰੱਦ ਕੀਤੇ ਜਾ ਰਹੇ ਹਨ।
ਇਸ ਕਾਰਨ ਉੱਦਮੀ ਉਦਯੋਗਾਂ ਨੂੰ ਹੁਣ ਤਕ 2,000 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾ ਰਹੇ ਹਨ। ਇਸ ਤੋਂ ਇਲਾਵਾ ਮਾਲ ਭਾੜੇ ਵਿਚ ਵੀ ਦਸ ਫ਼ੀ ਸਦੀ ਤਕ ਦਾ ਵਾਧਾ ਦੇਖਿਆ ਜਾ ਰਿਹਾ ਹੈ। ਦੂਜੇ ਪਾਸੇ ਮੌਜੂਦਾ ਵਿੱਤੀ ਸਾਲ ਖਤਮ ਹੋਣ ਵਾਲਾ ਹੈ ।ਉੱਦਮੀਆਂ ਦਾ ਮੰਨਣਾ ਹੈ ਕਿ ਜੇਕਰ ਇਹ ਅੰਦੋਲਨ ਲੰਬੇ ਸਮੇਂ ਤਕ ਜਾਰੀ ਰਿਹਾ ਤਾਂ ਸੂਬੇ ਦੀ ਇੰਡਸਟਰੀ ਪਟੜੀ ਤੋਂ ਉਤਰ ਸਕਦੀ ਹੈ। ਇਸ ਲਈ ਸਰਕਾਰ ਨੂੰ ਅੰਦੋਲਨ ਨੂੰ ਖਤਮ ਕਰਨ ਲਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਪੰਜਾਬ ਦੀ ਵਿੱਤੀ ਰਾਜਧਾਨੀ ਲੁਧਿਆਣਾ ਸੂਖਮ ਛੋਟੇ ਅਤੇ ਦਰਮਿਆਨੇ ਉਦਯੋਗਾਂ ਦਾ ਗੜ੍ਹ ਹੈ। ਇਥੇ ਇਕ ਲੱਖ ਤੋਂ ਵੱਧ ਛੋਟੀਆਂ ਅਤੇ ਵੱਡੀਆਂ ਉਦਯੋਗਿਕ ਇਕਾਈਆਂ ਹਨ। ਲੁਧਿਆਣਾ ਵਿਚ ਮੁੱਖ ਤੌਰ ‘ਤੇ ਹੌਜ਼ਰੀ, ਟੈਕਸਟਾਈਲ ਅਤੇ ਇੰਜੀਨੀਅਰਿੰਗ ਉਦਯੋਗਾਂ ਦਾ ਦਬਦਬਾ ਹੈ। ਇੰਜਨੀਅਰਿੰਗ ਵਿਚ, ਸੈਕੰਡਰੀ ਸਟੀਲ ਨਿਰਮਾਤਾ, ਸਾਈਕਲ ਅਤੇ ਸਾਈਕਲ ਦੇ ਹਿੱਸੇ, ਹੈਂਡ ਟੂਲ, ਮਸ਼ੀਨ ਟੂਲ, ਸਿਲਾਈ ਮਸ਼ੀਨ, ਫਾਸਟਨਰ, ਆਟੋ ਪਾਰਟਸ, ਡੀਜ਼ਲ ਇੰਜਣ ਦੇ ਪਾਰਟਸ, ਆਦਿ ਪ੍ਰਮੁੱਖ ਹਨ।ਕਿਸਾਨ ਅੰਦੋਲਨ ਨੇ ਬਰਾਮਦਕਾਰਾਂ ਦੀ ਵੀ ਨੀਂਦ ਉਡਾ ਦਿਤੀ ਹੈ। ਇਕ ਪਾਸੇ ਕੱਚਾ ਮਾਲ ਸਮੇਂ ਸਿਰ ਨਹੀਂ ਮਿਲਦਾ ਤੇ ਦੂਜੇ ਪਾਸੇ ਮਾਲ ਭਾੜੇ ਵਿਚ ਵੀ ਦਸ ਫੀ ਸਦੀ ਵਾਧਾ ਹੋਇਆ ਹੈ। ਇਸ ਵਿਚ ਜ਼ਿਆਦਾ ਸਮਾਂ ਲੱਗ ਰਿਹਾ ਹੈ। ਇਨ੍ਹਾਂ ਹਾਲਾਤਾਂ ‘ਚ ਬਰਾਮਦ ਟੀਚੇ ਨੂੰ ਪੂਰਾ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ।