ਸਾਬਕਾ ਡੀਐੱਸਪੀ ਰਾਕਾ ਗੇਰਾ ਨੂੰ ਛੇ ਸਾਲ ਦੀ ਕੈਦ, ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਰਿਸ਼ਵਤ ਮਾਮਲੇ ’ਚ ਸੁਣਾਈ ਸਜ਼ਾ

 13 ਸਾਲ ਪੁਰਾਣੇ ਇਕ ਲੱਖ ਰੁਪਏ ਦੀ ਰਿਸ਼ਵਤ ਮਾਮਲੇ ’ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਪੰਜਾਬ ਪੁਲਿਸ ਦੀ ਸਾਬਕਾ ਡੀਐੱਸਪੀ ਰਾਕਾ ਗੇਰਾ (61) ਨੂੰ ਛੇ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਉਸ ’ਤੇ ਦੋ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ ਉਸ ਨੂੰ ਸੋਮਵਾਰ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ ਬੁੱਧਵਾਰ ਨੂੰ ਸਜ਼ਾ ’ਤੇ ਫ਼ੈਸਲਾ ਸੁਣਾਇਆ।

ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਸੀ। ਸੀਬੀਆਈ ਨੇ ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਐਕਟ-7 ਤੇ 13 (1) (ਡੀ) ਤਹਿਤ ਕੇਸ ਦਰਜ ਕੀਤਾ ਸੀ। ਅਦਾਲਤ ਨੇ ਰਾਕਾ ਨੂੰ ਧਾਰਾ 7 ਤਹਿਤ ਪੰਜ ਅਤੇ 13 ਤਹਿਤ ਛੇ ਸਾਲ ਦੀ ਸਜ਼ਾ ਸੁਣਾਈ ਹੈ। ਉਥੇ ਦੋਵੇਂ ਧਾਰਾਵਾਂ ਤਹਿਤ ਇਕ-ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਹਾਲਾਂਕਿ ਦੋਵਾਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਸੀਬੀਆਈ ਨੇ ਮੁਹਾਲੀ ਦੇ ਮੁੱਲਾਂਪੁਰ ਵਾਸੀ ਇਕ ਬਿਲਡਰ ਦੀ ਸ਼ਿਕਾਇਤ ’ਤੇ ਜੁਲਾਈ 2011 ’ਚ ਰਾਕਾ ਗੇਰਾ ਨੂੰ ਸੈਕਟਰ 15 ਸਥਿਤ ਉਸ ਦੀ ਕੋਠੀ ਤੋਂ ਗਿ੍ਰਫਤਾਰ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਹਾਲਾਂਕਿ ਜਿਸ ਬਿਲਡਰ ਨੇ ਰਾਕਾ ਗੇਰਾ ’ਤੇ ਰਿਸ਼ਵਤ ਲੈਣ ਦੇ ਦੋਸ਼ ਲਾਏ ਸਨ, ਬਾਅਦ ਵਿਚ ਉਹ ਕੋਰਟ ਵਿਚ ਗਵਾਹੀ ਦੌਰਾਨ ਆਪਣੇ ਬਿਆਨਾਂ ਤੋਂ ਮੁੱਕਰ ਗਿਆ ਸੀ ਪਰ ਸੀਬੀਆਈ ਨੇ ਰਾਕਾ ਗੇਰਾ ਖ਼ਿਲਾਫ਼ ਕੁੱਲ 49 ਗਵਾਹ ਬਣਾਏ ਸਨ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਦੇ ਨਾਲ ਰਾਕਾ ਗੇਰਾ ਦੇ ਘਰ ’ਚ ਹੋਈ ਗੱਲਬਾਤ ਦੀ ਟਰਾਂਸਸਕ੍ਰਪਿਟ ਅਤੇ ਵੀਡੀਓ ਫੁਟੇਜ ਵੀ ਸੀ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਸ ਨੇ ਰਿਸ਼ਵਤ ਮੰਗੀ ਸੀ।

ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਜਗਜੀਤ ਸਿੰਘ ਨੇ ਰਾਕਾ ਗੇਰਾ ਨੂੰ ਸਜ਼ਾ ਸੁਣਾਉਣ ਵੇਲੇ ਕਿਹਾ ਕਿ ਪਹਿਲਾਂ ਗਲਤ ਕੰਮ ਕਰਵਾਉਣ ਲਈ ਰਿਸ਼ਵਤ ਦਿੱਤੀ ਜਾਂਦੀ ਸੀ ਪਰ ਹੁਣ ਸਹੀ ਕੰਮ ਕਰਨ ਲਈ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਤਰਸ ਦੇ ਆਧਾਰ ’ਤੇ ਪਤੀ ਦੀ ਨੌਕਰੀ ਮਿਲੀ ਸੀ ਕਿਉਂਕਿ ਉਸ ਨੂੰ ਉਸ ਸਮੇਂ ਇਸ ਦੀ ਲੋੜ ਸੀ। ਬਾਵਜੂਦ ਦੋਸ਼ੀ ਨੇ ਅਪਰਾਧਿਕ ਨਿਆਂ ਪ੍ਰਣਾਲੀ ਦਾ ਹਿੱਸਾ ਹੋਣ ਦੇ ਨਾਤੇ ਕਰਤੱਬ ਦਾ ਪਾਲਣ ਕਰਨ ਦੀ ਬਜਾਏ ਰਿਸ਼ਵਤ ਦੀ ਮੰਗ ਕਰ ਕੇ ਆਪਣੇ ਲਾਭ ਲਈ ਉਸੇ ਪ੍ਰਣਾਲੀ ਦੀ ਦੁਰਵਰਤੋਂ ਕੀਤੀ।