ਪੈਟਰੋਲ ਪੰਪ ਦੇ ਮਾਲਕ ਨੇ ਨੌਜਵਾਨ ਨੂੰ ਮਾਰੀ ਗੋਲ਼ੀ, ਤੇਲ ਭਰਵਾਉਣ ਦੌਰਾਨ ਹੋਇਆ ਝਗੜਾ

ਜ਼ਿਲ੍ਹੇ ਦੇ ਪਿੰਡ ਔਲਖ ‘ਚ ਬੀਤੀ ਦੇਰ ਸ਼ਾਮ ਪੈਟਰੋਲ ਭਰਵਾਉਣ ਆਏ ਇਕ ਵਿਅਕਤੀ ਨਾਲ ਹੋਈ ਤਕਰਾਰ ਤੋਂ ਬਾਅਦ ਪੈਟਰੋਲ ਪੰਪ ਮਾਲਕ ਵੱਲੋਂ ਚਲਾਈ ਗੋਲ਼ੀ ਨਾਲ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਜ਼ਖਮੀ ਵਿਅਕਤੀ ਦਾ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ਜਦਕਿ ਪੁਲਿਸ ਜਾਂਚ ‘ਚ ਜੁਟੀ ਹੋਈ ਹੈ।

ਜਾਣਕਾਰੀ ਅਨੁਸਾਰ ਅਮਰਿੰਦਰ ਸਿੰਘ ਨਾਂ ਦਾ ਨੌਜਵਾਨ ਪਿੰਡ ਔਲਖ ‘ਚ ਸਥਿਤ ਫਰੀਦ ਕਿਸਾਨ ਸੇਵਾ ਕੇਂਦਰ ਦੇ ਪੈਟਰੋਲ ਪੰਪ ’ਤੇ ਪੈਟਰੋਲ ਲੈਣ ਗਿਆ ਸੀ। ਜਿੱਥੇ ਰੇਟ ਨੂੰ ਲੈ ਕੇ ਪੰਪ ਮੁਲਾਜ਼ਮਾਂ ਨਾਲ ਉਸ ਦੀ ਬਹਿਸ ਹੋ ਗਈ। ਇਸ ਸਬੰਧੀ ਅਮਰਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਕੁਲਵਿੰਦਰ ਸਿੰਘ ਤੇ ਬਲਜੀਤ ਸਿੰਘ ਨੇ ਦੱਸਿਆ ਕਿ ਪੈਟਰੋਲ ਦੇ ਰੇਟ ਨੂੰ ਲੈ ਕੇ ਪੰਪ ਮੁਲਾਜ਼ਮਾਂ ਨਾਲ ਅਮਰਿੰਦਰ ਸਿੰਘ ਦੀ ਬਹਿਸ ਹੋਈ। ਇਸ ਦੌਰਾਨ ਪੰਪ ਮਾਲਕ ਨੇ ਉਸ ਦੇ ਪੁੱਤਰਾਂ ‘ਤੇ ਗੋਲ਼ੀ ਚਲਾ ਦਿੱਤੀ।

ਉਨ੍ਹਾਂ ਦੱਸਿਆ ਕਿ ਪੰਪ ਮਾਲਕ ਨੇ ਕਰੀਬ 5 ਗੋਲ਼ੀਆਂ ਚਲਾਈਆਂ, ਜਿਸ ਵਿਚ ਉਨ੍ਹਾਂ ਦੇ ਲੜਕੇ ਅਮਰਿੰਦਰ ਸਿੰਘ ਦੀ ਲੱਤ ‘ਚ ਗੋਲ਼ੀ ਲੱਗੀ। ਗੋਲ਼ੀ ਲੱਗਣ ਤੋਂ ਬਾਅਦ ਡਿੱਗੇ ਨੌਜਵਾਨ ਦੇ ਸਿਰ ‘ਤੇ ਪਾਈਪ ਤੇ ਪਿਸਤੌਲ ਦੇ ਬੱਟ ਨਾਲ ਵਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲੜਕਿਆਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਪੰਪ ਮਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।

ਇਸ ਸਬੰਧੀ ਜਾਂਚ ਅਧਿਕਾਰੀ ਏਐਸਆਈ ਹਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਔਲਖ ਦੇ ਪੈਟਰੋਲ ਪੰਪ ’ਤੇ ਗੋਲ਼ੀ ਚੱਲੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਜਾਇਜ਼ਾ ਲਿਆ ਤੇ ਜ਼ਖਮੀ ਅਮਰਿੰਦਰ ਸਿੰਘ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।