ਅੰਬੇਦਕਰ ਇੰਸਟੀਚਿਊਟ ਆਫ ਕਰੀਅਰ ਐਂਡ ਕੋਰਸਿਜ਼ ਵਿਖੇ ਕੋਚਿੰਗ ਲਈ ਹੋਈ ਪ੍ਰਵੇਸ਼ ਪ੍ਰੀਖਿਆ
ਚੰਡੀਗੜ੍ਹ, 28 ਅਕਤੂਬਰ:
ਅੰਬੇਦਕਰ ਇੰਸਟੀਚਿਊਟ ਆਫ ਕਰੀਅਰ ਐਂਡ ਕੋਰਸਿਜ਼, ਫੇਸ 3 ਬੀ 2, ਮੋਹਾਲੀ ਵਿਖੇ ਸਿਵਿਲ ਸਰਵਿਸਿਜ਼/ ਪੀ. ਸੀ. ਐੱਸ. (ਪ੍ਰੀ) ਪ੍ਰੀਖਿਆ-2024 ਦੀ ਕੰਬਾਈਡ ਕੋਚਿੰਗ ਲਈ ਉਮੀਦਵਾਰਾਂ ਦੀ ਚੋਣ ਕਰਨ ਲਈ ਪ੍ਰਵੇਸ਼ ਪ੍ਰੀਖਿਆ ਲਈ ਗਈ।
ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਵਰਗ ਵਿਭਾਗ ਪੰਜਾਬ, ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਕੋਚਿੰਗ ਕੋਰਸ ਦੀਆਂ 40 ਸੀਟਾਂ ਹਨ, 20 ਸੀਟਾਂ ਅਨੁਸੂਚਿਤ ਜਾਤੀ, 12 ਸੀਟਾਂ ਪੱਛੜੀਆਂ ਸ਼੍ਰੇਣੀਆਂ ਅਤੇ 8 ਸੀਟਾਂ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਲਈ ਰਾਖਵੀਆਂ ਹਨ। ਉਪਲੱਬਧਤਾ ਦੇ ਤਹਿਤ ਹਰੇਕ ਸ਼੍ਰੇਣੀ ਵਿਚ 30 ਫ਼ੀਸਦੀ ਸੀਟਾਂ ਮਹਿਲਾਵਾਂ ਅਤੇ 5 ਫ਼ੀਸਦੀ ਸੀਟਾਂ ਤੇ ਦਿਵਿਆਂਗ ਉਮੀਦਵਾਰ ਸ਼ਾਮਿਲ ਕੀਤੇ ਜਾ ਸਕਦੇ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਕੋਚਿੰਗ ਲਈ ਪੰਜਾਬ ਰਾਜ ਦੇ ਪੱਕੇ ਵਸਨੀਕ, ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਨਾਲ ਸਬੰਧਤ ਘੱਟੋ ਘੱਟ ਗ੍ਰੈਜੂਏਟ ਉਮੀਦਵਾਰ ਯੋਗ ਹਨ, ਜਿਨ੍ਹਾਂ ਦੇ ਮਾਪਿਆਂ ਦੀ ਸਾਰੇ ਸਰੋਤਾਂ ਤੋਂ ਆਮਦਨ 3.00 ਲੱਖ ਪ੍ਰਤੀ ਸਾਲ ਤੋਂ ਵੱਧ ਨਾ ਹੋਵੇ।
ਇਸ ਪ੍ਰੀਖਿਆ ਲਈ 790 ਉਮੀਦਵਾਰਾਂ ਦੀਆਂ ਪ੍ਰਤੀ ਬੇਨਤੀਆਂ ਪ੍ਰਾਪਤ ਹੋਈਆਂ ਅਤੇ 540 ਉਮੀਦਵਾਰ ਪ੍ਰੀਖਿਆ ਦੇਣ ਲਈ ਹਾਜ਼ਰ ਹੋਏ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਰਕਾਰ ਵਲੋਂ ਕਮਜ਼ੋਰ ਵਰਗ ਲਈ ਚਲਾਈ ਜਾ ਰਹੀ ਕੋਚਿੰਗ ਦਾ ਮੁੱਖ ਉਦੇਸ਼ ਕਮਜ਼ੋਰ ਵਰਗ ਵਿੱਚੋਂ ਸਿਵਿਲ ਸੇਵਾਵਾਂ ਲਈ ਵਿਦਿਆਰਥੀਆਂ ਨੂੰ ਤਿਆਰ ਕਰਨਾ ਹੈ।
ਕੈਬਿਨਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਪ੍ਰਮੁੱਖ ਸਕੱਤਰ ਸ਼੍ਰੀ ਵੀ ਕੇ ਮੀਨਾ, ਡਾਇਰੈਕਟਰ ਸ.ਜਸਪ੍ਰੀਤ ਸਿੰਘ ਦੀ ਅਗਵਾਈ ਚ ਸਿਵਿਲ ਸੇਵਾਵਾਂ ਦੀ ਕੋਚਿੰਗ ਅੰਬੇਦਕਰ ਇੰਸਟੀਚਿਊਟ ਆਫ ਕੈਰੀਅਰ ਐਂਡ ਕੋਰਸਿਜ਼, ਫੇਸ 3 ਬੀ 2 ਵਿਖੇ ਦਿੱਤੀ ਜਾਵੇਗੀ। ਹਰੇਕ ਚੁਣੇ ਗਏ ਉਮੀਦਵਾਰ ਨੂੰ ਸਰਕਾਰੀ ਨਿਯਮਾਂ ਦੇ ਅਨੁਸਾਰ ਮੁਫਤ ਕੋਚਿੰਗ, ਮੁਫਤ ਹੋਸਟਲ ਅਵਾਸ ਅਤੇ 3000 ਪ੍ਰਤੀ ਮਹੀਨਾ ਵਿੱਤੀ ਸਹਾਇਤਾ ਮੁਹੱਈਆ ਕੀਤੀ ਜਾਵੇਗੀ।
ਕਾਰਜਵਾਹਕ ਪ੍ਰਿੰਸੀਪਲ ਅਸ਼ੀਸ਼ ਕਥੂਰੀਆ ਨੇ ਦੱਸਿਆ ਕਿ ਸਿਖਿਆਰਥੀਆਂ ਦੀ ਮੰਗ ਅਨੁਸਾਰ ਇਸ ਸਾਲ 40 ਦੀ ਬਜਾਏ 80 ਬੱਚਿਆਂ ਦਾ ਕੋਰਸ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਗਲੇ ਸਾਲ ਤੋਂ ਨਵੇ ਕੋਰਸ ਅਤੇ ਐਸ ਸੀ, ਬੀ ਸੀ, ਅਤੇ ਘੱਟ ਗਿਣਤੀ ਤੇ ਕਮਜ਼ੋਰ ਵਰਗਾਂ ਦੀਆਂ ਸੀਟਾਂ ਵਧਾਈਆਂ ਜਾਣਗੀਆਂ।