ਮਾਰਸ਼ਲ ਆਰਟ ਗੱਤਕਾ ਅੰਤਰਰਾਸ਼ਟਰੀ ਖੇਡ ਬਣਨ ਲਈ ਤਿਆਰ : ਮਨਜਿੰਦਰ ਸਿੰਘ ਸਿਰਸਾ

ਚੰਡੀਗੜ੍ਹ, 11 ਅਕਤੂਬਰ – ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨ.ਜੀ.ਏ.ਆਈ.) ਵੱਲੋਂ ਆਯੋਜਿਤ ਦੋ ਰੋਜ਼ਾ 11ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਬੁੱਧਵਾਰ ਨੂੰ ਇੱਥੇ ਤਾਲਕਟੋਰਾ ਸਟੇਡੀਅਮ ਵਿਖੇ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਸ਼ੁਰੂ ਹੋਈ। ਇਸ ਚੈਂਪੀਅਨਸ਼ਿਪ ਵਿੱਚ 14 ਵੱਖ-ਵੱਖ ਰਾਜਾਂ ਦੇ 900 ਤੋਂ ਵੱਧ ਹੁਨਰਮੰਦ ਗੱਤਕਾ ਖਿਡਾਰੀ, (ਲੜਕੇ ਅਤੇ ਲੜਕੀਆਂ) ਭਾਗ ਲੈ ਰਹੇ ਹਨ ਜੋ ਵੱਖ-ਵੱਖ ਉਮਰ ਵਰਗਾਂ ਵਿੱਚ ਜੇਤੂ ਪੁਜ਼ੀਸ਼ਨਾਂ ਅਤੇ ਤਗਮੇ ਜਿੱਤਣ ਲਈ ਮੁਕਾਬਲੇ ਕਰਨਗੇ। ਇਸ ਸ਼ਾਨਦਾਰ ਖੇਡ ਮੇਲੇ ਦੀ ਮੇਜ਼ਬਾਨੀ ਗੱਤਕਾ ਐਸੋਸੀਏਸ਼ਨ ਆਫ ਦਿੱਲੀ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ.) ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ।

ਉਦਘਾਟਨ ਮੌਕੇ ਮੁੱਖ ਮਹਿਮਾਨ ਵਜੋਂ ਬੋਲਦਿਆਂ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ‘ਗੱਤਕਾ ਸੋਟੀ’ ਖੇਡ ਇੱਕ ਗਤੀਸ਼ੀਲ ਅਤੇ ਪ੍ਰਤਿੱਭਾਸ਼ਤਲੀ ਖੇਡ ਹੈ ਜੋ ਆਉਣ ਵਾਲੇ ਸਮੇਂ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਹਾਸਲ ਕਰਨ ਕਰੇਗੀ। ਉਨ੍ਹਾਂ ਕਿਹਾ ਕਿ ਗੱਤਕੇ ਨੂੰ ਏਸ਼ੀਅਨ ਖੇਡਾਂ ਅਤੇ ਸੰਭਾਵਤ ਤੌਰ ‘ਤੇ ਓਲੰਪਿਕ ਖੇਡਾਂ ਵਿਚ ਸ਼ਾਮਲ ਕਰਨ ਨਾਲ ਇਸ ਦੀ ਵਿਸ਼ਵ ਪੱਧਰ ‘ਤੇ ਪੂਰੀ ਚੜ੍ਹਤ ਹੋਵੇਗੀ।

ਸਿਰਸਾ ਨੇ ਕੇਂਦਰ ਸਰਕਾਰ ਅਤੇ ਭਾਰਤੀ ਓਲੰਪਿਕ ਐਸੋਗੀਏਸ਼ਨ ਦੁਆਰਾ ਗੱਤਕਾ ਸੋਟੀ ਦੀ ਖੇਡ ਨੂੰ 36ਵੀਆਂ ਰਾਸ਼ਟਰੀ ਖੇਡਾਂ ਵਿੱਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਗੱਤਕੇ ਨੂੰ ਰਾਸ਼ਟਰੀ ਖੇਡ ਵਜੋਂ ਮਾਨਤਾ ਮਿਲ ਗਈ ਹੈ। ਉਨਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਦਾ ਇਸ ਉਪਲਬਧੀ ਵਿੱਚ ਅਹਿਮ ਭੂਮਿਕਾਵਾਂ ਨਿਭਾਉਣ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਇਸ ਰਵਾਇਤੀ ਖੇਡ ਨੂੰ ਵਿਸ਼ਵ ਪੱਧਰ ‘ਤੇ ਪ੍ਰਫੁੱਲਤ ਕਰਨ ਪ੍ਰਤੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨ.ਜੀ.ਏ.ਆਈ.) ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ।

ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਆਪਣੇ ਸੰਬੋਧਨ ਦੌਰਾਨ ਗੱਤਕੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਖਿਡਾਰੀਆਂ ਨੂੰ ਗੱਤਕੇ ਨੂੰ ਨਾ ਸਿਰਫ ਇੱਕ ਮਾਰਸ਼ਲ ਆਰਟ ਵਜੋਂ ਸਮਝਣ ਬਲਕਿ ਇੱਕ ਸਮਰੱਥ ਖੇਡ ਅਤੇ ਸਵੈ-ਰੱਖਿਆ ਦੇ ਰੂਪ ਵਜੋਂ ਵੀ ਅਪਣਾਉਣ ਲਈ ਪ੍ਰੇਰਿਤ ਕੀਤਾ। ਕਾਹਲੋਂ ਨੇ ਰਾਜਧਾਨੀ ਵਿੱਚ ਇਸ ਪੁਰਾਤਨ ਸਿੱਖ ਮਾਰਸ਼ਲ ਆਰਟ ਨੂੰ ਪ੍ਰਫੁੱਲਤ ਕਰਨ ਲਈ ਡੀ.ਐਸ.ਜੀ.ਐਮ.ਸੀ. ਦੀ ਵਚਨਬੱਧਤਾ ’ਤੇ ਵੀ ਜ਼ੋਰ ਦਿੱਤਾ ਅਤੇ ਐਨ.ਜੀ.ਏ.ਆਈ. ਸਮੇਤ ਗੱਤਕਾ ਐਸੋਸੀਏਸ਼ਨ ਆਫ ਦਿੱਲੀ ਨੂੰ ਲਗਾਤਾਰ ਸਮਰਥਨ ਦੇਣ ਦਾ ਵਾਅਦਾ ਕੀਤਾ।

ਇਨ੍ਹਾਂ ਤੋਂ ਇਲਾਵਾ ਐਨ.ਜੀ.ਏ.ਆਈ. ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਗੱਤਕਾ ਐਸੋਸੀਏਸ਼ਨ ਆਫ ਦਿੱਲੀ (ਜੀ.ਏ.ਡੀ.) ਦੇ ਚੇਅਰਮੈਨ ਸਰਵਜੀਤ ਸਿੰਘ ਵਿਰਕ ਮੈਂਬਰ ਕਾਰਜਕਾਰਨੀ ਡੀ.ਐਸ.ਜੀ.ਐਮ.ਸੀ. ਨੇ ਵੀ ਹਾਜ਼ਰੀਨ ਨੂੰ ਪ੍ਰੇਰਨਾਦਾਇਕ ਵਿਚਾਰਾਂ ਨਾਲ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਹ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਨਾ ਸਿਰਫ਼ ਦੇਸ਼ ਦੀ ਅਮੀਰ ਮਾਰਸ਼ਲ ਆਰਟ ਵਿਰਾਸਤ ਦਾ ਪ੍ਰਮਾਣ ਹੈ ਸਗੋਂ ਦੇਸ਼ ਦੇ ਨੌਜਵਾਨਾਂ ਦੀ ਗੱਤਕੇ ਦੇ ਖੇਤਰ ਵਿੱਚ ਸਮਰਪਣ ਅਤੇ ਪ੍ਰਤਿਭਾ ਦਾ ਪ੍ਰਮਾਣ ਵੀ ਹੈ। ਅਜਿਹੀਆਂ ਨੈਸ਼ਨਲ ਚੈਂਪੀਅਨਸ਼ਿਪ ਕਰਾਉਣਾ ਗੱਤਕੇ ਦੀ ਅੰਤਰਰਾਸ਼ਟਰੀ ਮਾਨਤਾ ਵੱਲ ਖੇਡ ਵਜੋਂ ਸਫ਼ਰ ਦਾ ਪ੍ਰਤੀਕ ਹਨ ਜੋ ਗੱਤਕੇ ਦਾ ਵਿਸ਼ਵ ਪੱਧਰ ‘ਤੇ ਖੇਡ ਬਣਨ ਦੀ ਸੰਭਾਵਨਾ ਨੂੰ ਮਜ਼ਬੂਤ ​​ਕਰਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਚੈਨ ਸਿੰਘ ਕਲਸਾਣੀ ਤੇ ਸਿਮਰਨਜੀਤ ਸਿੰਘ ਕ੍ਰਮਵਾਰ ਮੀਤ ਪ੍ਰਧਾਨ ਅਤੇ ਸਕੱਤਰ ਐਨ.ਜੀ.ਏ.ਆਈ., ਜੀਏਡੀ ਦੇ ਪ੍ਰਧਾਨ ਗੁਰਮੀਤ ਸਿੰਘ ਰਾਣਾ, ਜਨਰਲ ਸਕੱਤਰ ਜੇਪੀ ਸਿੰਘ, ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਤੇਜਿੰਦਰਪਾਲ ਸਿੰਘ ਨਲਵਾ, ਬਲਜੀਤ ਸਿੰਘ ਸਕੱਤਰ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ, ਇੰਦਰਜੋਧ ਸਿੰਘ ਮੀਤ ਪ੍ਰਧਾਨ ਗੱਤਕਾ ਐਸੋਸੀਏਸ਼ਨ ਆਫ ਪੰਜਾਬ, ਸਮੀਰ ਸਿੰਘ ਚੇਅਰਮੈਨ ਸਿੱਖ ਚੈਂਬਰ ਆਫ਼ ਕਾਮਰਸ, ਹਰਪ੍ਰੀਤ ਸਿੰਘ ਸਹੋਤਾ, ਈਵੈਂਟ ਮੈਨੇਜਮੈਂਟ ਆਦਿ ਵੀ ਹਾਜ਼ਰ ਸਨ।