11ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੀਆਂ ਦਿੱਲੀ ‘ਚ ਤਿਆਰੀਆਂ ਜ਼ੋਰਾਂ ਤੇ
ਨਿਊਜ਼ ਪੰਜਾਬ
11 ਤੇ 12 ਅਕਤੂਬਰ ਨੂੰ ਹੋਣਗੇ ਦਿੱਲੀ ਦੇ ਤਾਲਕਟੋਰਾ ਸਟੇਡੀਅਮ ‘ਚ ਗੱਤਕੇ ਦੇ ਕੌਮੀ ਮੁਕਾਬਲੇ
ਚੰਡੀਗੜ੍ਹ 4 ਅਕਤੂਬਰ ( ) ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਕੌਮੀ ਗੱਤਕਾ ਸੰਸਥਾ ‘ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ’ ਵੱਲੋਂ ਗੱਤਕਾ ਐਸੋਸੀਏਸ਼ਨ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ ਕਰਵਾਈ ਜਾ ਰਹੀ 11ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ। ਅੱਜ ਇੱਥੇ ਇਸ ਸਬੰਧੀ ਇੱਕ ਮੀਟਿੰਗ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਗੱਤਕਾ ਐਸੋਸੀਏਸ਼ਨ ਦਿੱਲੀ ਦੇ ਚੇਅਰਮੈਨ ਅਤੇ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਬਜੀਤ ਸਿੰਘ ਵਿਰਕ, ਪ੍ਰਧਾਨ ਗੁਰਮੀਤ ਸਿੰਘ ਰਾਣਾ, ਜਨਰਲ ਸਕੱਤਰ ਜੀਤਇੰਦਰਪਾਲ ਸਿੰਘ, ਸੰਯੁਕਤ ਸਕੱਤਰ ਮੇਜਰ ਸਿੰਘ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਕੋਚਿੰਗ ਡਾਇਰੈਕਟੋਰੇਟ ਵੱਲੋਂ ਡਾਇਰੈਕਟਰ ਜੋਗਿੰਦਰ ਸਿੰਘ ਬੁੱਧ ਵਿਹਾਰ ਸ਼ਾਮਿਲ ਹੋਏ।
ਇਸ ਮੀਟਿੰਗ ਦੌਰਾਨ ਤਾਲਕਟੋਰਾ ਸਟੇਡੀਅਮ ਵਿੱਚ ਹੋਣ ਵਾਲੇ ਨੈਸ਼ਨਲ ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਲੇਖਾ-ਜੋਖਾ ਕੀਤਾ ਗਿਆ ਅਤੇ ਵੱਖ-ਵੱਖ ਬਣਾਈਆਂ ਗਈਆਂ ਕਮੇਟੀਆਂ ਦੇ ਮੈਂਬਰਾਂ ਨੂੰ ਉਹਨਾਂ ਦੀਆਂ ਡਿਊਟੀਆਂ ਸਬੰਧੀ ਗਿਆਤ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਦੋ ਰੋਜਾ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਘੱਟੋ ਘੱਟ 18 ਰਾਜਾਂ ਤੋਂ ਲੜਕੇ ਅਤੇ ਲੜਕੀਆਂ ਦੀਆਂ ਵੱਖ-ਵੱਖ ਉਮਰ ਵਰਗ ਦੀਆਂ ਟੀਮਾਂ ਭਾਗ ਲੈਣਗੀਆਂ। ਉਹਨਾਂ ਦੱਸਿਆ ਕਿ ਲੜਕੇ ਅਤੇ ਲੜਕੀਆਂ ਦੀ ਰਿਹਾਇਸ਼ ਦਾ ਵੱਖੋ ਵੱਖਰਾ ਪ੍ਰਬੰਧ ਹੋਵੇਗਾ ਅਤੇ ਲੰਗਰ ਦਾ ਖੁੱਲਾ ਪ੍ਰਬੰਧ ਕੀਤਾ ਗਿਆ ਹੈ। ਰੈਫਰੀਆਂ ਅਤੇ ਜੱਜਮੈਂਟ ਟੀਮਾਂ ਦੇ ਰਹਿਣ ਲਈ ਵੱਖਰਾ ਪ੍ਰਬੰਧ ਹੋਵੇਗਾ।
ਉਹਨਾਂ ਸਮੂਹ ਰਾਜਾਂ ਦੇ ਗੱਤਕਾ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਆਖਿਆ ਕਿ ਉਹ ਆਪੋ-ਆਪਣੇ ਰਾਜਾਂ ਦੀ ਪ੍ਰਵਾਨਤ ਖੇਡ ਕਿੱਟ ਵਿੱਚ ਹੀ ਸ਼ਾਮਿਲ ਹੋਣ।
ਫੋਟੋ ਕੈਪਸ਼ਨ :
11ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਸਬੰਧੀ ਦਿੱਲੀ ‘ਚ ਮੀਟਿੰਗ ਦੌਰਾਨ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਗੱਤਕਾ ਐਸੋਸੀਏਸ਼ਨ ਦਿੱਲੀ ਦੇ ਚੇਅਰਮੈਨ ਸਰਬਜੀਤ ਸਿੰਘ ਵਿਰਕ, ਪ੍ਰਧਾਨ ਗੁਰਮੀਤ ਸਿੰਘ ਰਾਣਾ, ਜਨਰਲ ਸਕੱਤਰ ਜੀਤਇੰਦਰਪਾਲ ਸਿੰਘ, ਸੰਯੁਕਤ ਸਕੱਤਰ ਮੇਜਰ ਸਿੰਘ ਅਤੇ ਕੋਚਿੰਗ ਡਾਇਰੈਕਟੋਰੇਟ ਦੇ ਡਾਇਰੈਕਟਰ ਜੋਗਿੰਦਰ ਸਿੰਘ ਬੁੱਧ ਵਿਹਾਰ ਬੈਠੇ ਨਜ਼ਰ ਆ ਰਹੇ ਹਨ।