ਪੰਜਾਬ ਸਰਕਾਰ ਨੇ ਗੁਰਪਤਵੰਤ ਸਿੰਘ ਪੰਨੂ ਅਤੇ ਸਿਖਸ ਫਾਰ ਜਸਟਿਸ (ਐਸ.ਐਫ.ਜੇ.) ਉੱਤੇ ਸੂਬਾ ਸਰਕਾਰ ਵਿਰੁੱਧ ਭੜਕਾਉਣ ਲਈ ਮੁਕੱਦਮਾ ਦਰਜ ਕੀਤਾ

ਪੰਜਾਬ ਪੁਲਿਸ ਨੇ ਪੰਨੂ ਅਤੇ ਉਸਦੀ ਸੰਸਥਾ ਐਸ.ਐਫ.ਜੇ. ਉੱਤੇ ਆਟੋਮੇਟਿਡ ਕਾਲਾਂ ਰਾਹੀਂ ਲੋਕਾਂ ਨੂੰ ਸੂਬਾ ਸਰਕਾਰ ਖਿਲਾਫ ਭੜਕਾਉਣ ਲਈ ਕੀਤੇ 2 ਮਾਮਲੇ

ਨਿਊਜ਼ ਪੰਜਾਬ
ਚੰਡੀਗੜ, 10 ਅਪ੍ਰੈਲ: ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਗੁਰਪਤਵੰਤ ਸਿੰਘ ਪੰਨੂ ਅਤੇ ਉਸਦੀ ਪਾਬੰਦੀਸ਼ੁਦਾ ਸੰਸਥਾ ਸਿਖਸ ਫਾਰ ਜਸਟਿਸ (ਐਸ.ਐਫ.ਜੇ.) ਉੱਤੇ ਕੋਵਿਡ -19 ਦੇ ਮੱਦੇਨਜ਼ਰ ਲਗਾਏ ਕਰਫਿਊ/ ਤਾਲਾਬੰਦੀ ਦੌਰਾਨ ਆਟੋਮੇਟਿਡ (ਦੇਸ਼ ਵਿਰੋਧੀ) ਕਾਲਾਂ ਰਾਹੀਂ ਲੋਕਾਂ ਨੂੰ, ਖ਼ਾਸਕਰ ਨੌਜਵਾਨਾਂ ਨੂੰ ਸੂਬਾ ਸਰਕਾਰ ਵਿਰੁੱਧ ਭੜਕਾਉਣ ਲਈ ਮੁਕੱਦਮਾ ਦਰਜ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੰਨੂ ਅਤੇ ਯੂਐਸ ਅਧਾਰਤ ਐਸਐਫਜੇ ਵਿਰੁੱਧ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਮੁਹਾਲੀ ਵਿਖੇ
ਆਈ.ਪੀ.ਸੀ ਦੀ ਧਾਰਾ 124 ਏ, ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ, 1967 ਦੀ ਧਾਰਾ 10 (ਏ) ਅਤੇ 13 (1) ਤਹਿਤ ਕੇਸ ਦਰਜ ਕੀਤੇ ਗਏ ਹਨ।

ਵਰਿੰਦਰਪਾਲ ਸਿੰਘ, ਏਆਈਜੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ), ਮੁਹਾਲੀ,ਪੰਜਾਬ ਦੀ ਮੁੱਢਲੀ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਪੰਨੂ ਸਵੈਚਾਲਤ ਕਾਲਾਂ ਰਾਹੀਂ ਪੰਜਾਬ ਨੂੰ ਵੱਖ ਕਰਨ ਦੀ ਵਕਾਲਤ ਕਰਨ ਦੇ ਨਾਲ-ਨਾਲ ਪਹਿਲਾਂ ਤੋਂ ਰਿਕਾਰਡ ਕੀਤੇ ਆਡੀਓ ਸੰਦੇਸ਼ਾਂ  ਨੂੰ ਫੈਲਾਉਣ ਵਿੱਚ ਸ਼ਾਮਲ ਸੀ।ਇਹ ਸੰਦੇਸ਼ ਮਾਰਚ ਅਤੇ ਅਪ੍ਰੈਲ 2020 ਵਿੱਚ ਪੰਜਾਬ ਅਤੇ ਇਸਦੇ ਨਾਲ ਲਗਦੇ ਇਲਾਕਿਆਂ ਦੇ ਵੱਖ ਵੱਖ ਵਸਨੀਕਾਂ ਨੂੰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੇ ਇਰਾਦੇ ਨਾਲ ਭੇਜੇ ਗਏ। ਭਾਰਤ ਵਿਚ ਕੋਵਿਡ -19 ਮਹਾਂਮਾਰੀ ਦੇ ਫੈਲਣ ਤੋਂ ਬਾਅਦ ਪੰਨੂ, ਉਸ ਦੇ ਸਾਥੀ ਅਤੇ ਉਸ ਦੀ ਸੰਸਥਾ ਪਹਿਲਾਂ ਹੀ ਮੁਸੀਬਤਾਂ ਤੇ ਸੰਕਟਕਾਲੀ ਦੌਰ ਵਿਚੋਂ ਲੰਘ ਰਹੀ ਪੰਜਾਬ ਦੀ ਜਨਤਾ ਨੂੰ ਹੋਰ ਨਿਰਾਸ਼ ਕਰਨ ਅਤੇ ਭੜਕਾਉਣ ਲਈ ਸੋਸ਼ਲ ਮੀਡੀਆ ‘ਤੇ ਲਗਾਤਾਰ ਦੇਸ਼ ਧ੍ਰੋਹੀ ਗਤੀਵਿਧੀਆਂ ਨੂੰ ਅੰਜਾਮ ਦੇਣ  ਵਿਚ ਸਰਗਰਮ ਰਹੇ ਹਨ।

ਮੁੱਖ ਸਾਜ਼ਿਸ਼ਕਰਤਾ ਬਾਰੇ ਜਾਣਕਾਰੀ ਦਿੰਦਿਆਂ ਏਆਈਜੀ ਨੇ ਦੱਸਿਆ ਕਿ ਉੱਤਰੀ ਅਮਰੀਕਾ ਖੇਤਰ ਦੇ ਇਕ ਅੰਤਰਰਾਸ਼ਟਰੀ ਨੰਬਰ (+ 1-8336101020) ਤੋਂ ਭੇਜੇ ਗਏ ਇਕ ਅਜਿਹੇ ਰਿਕਾਰਡਡ ਆਡੀਓ ਸੰਦੇਸ਼ ਵਿਚ ਪੰਨੂ ਨੇ ਇਹ ਦੋਸ਼ ਲਾਉਂਦਿਆਂ ਲੋਕਾਂ ਨੂੰ ਭੜਕਾਇਆ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕੋਵਿਡ-19 ਮਹਾਂਮਾਰੀ ਕਾਰਨ ਰਾਜ ਵਿੱਚ ਚੱਲ ਰਹੇ ਕਰਫਿਊ/ ਤਾਲਾਬੰਦੀ ਨੂੰ ਲਾਗੂ ਕਰਨ ਦੇ ਨਾਮ ਤ ਨੌਜਵਾਨਾਂ ‘ਤੇ ਤਸ਼ੱਦਦ ਕਰ ਰਹੀ ਹੈ।

ਏ.ਆਈ.ਜੀ. ਨੇ ਕਿਹਾ ਕਿ ਨਿਊ ਯਾਰਕ (ਯੂ.ਐਸ.ਏ) ਦੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਪੰਜਾਬ ਦੇ ਲੋਕਾਂ ਦੀਆਂ ਟੈਲੀਫੋਨ ਕਾਲਾਂ ‘ਤੇ ਗੱਲਬਾਤ ਅਤੇ ਆਡੀਓ ਸੰਦੇਸ਼ਾਂ ਨੂੰ ਪਹਿਲਾਂ ਹੀ ਰਿਕਾਰਡ ਕੀਤਾ ਜਾ ਰਿਹਾ ਹੈ ਤਾਂ ਜੋ ਸਵੈਕਥਿਤ ਸੰਸਥਾ ਸਿੱਖਸ ਫਾਰ ਜਸਟਿਸ ਦੇ ਵੱਖਵਾਦੀ ਏਜੰਡੇ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ।

ਕਿਸੇ ਮੁਖ਼ਬਿਰ ਵਲੋਂ ਰਿਕਾਰਡ ਕੀਤੀ ਇੱਕ ਆਡੀਓ ਕਾਲ ਵਿੱਚ ਪੰਨੂੰ ਨੂੰ ਵਾਇਅਸ ਕਾਲਾਂ ਰਾਹੀਂ ਐਸ.ਐਫ.ਜੇ. ਨੂੰ ਵੋਟ ਪਾਉਣ ਸਬੰਧੀ ਇਹ ਕਹਿੰਦਿਆਂ ਸੁਣਿਆ ਗਿਆ ਹੈ ਕਿ ਜੇਕਰ ਸੁਣਨ ਵਾਲੇ ਸੰਗਠਨ ਦੀਆਂ ਨੀਤੀਆਂ ਨਾਲ ਸਹਿਮਤ ਹਨ ਤਾਂ ‘1’ ਦਬਾਉਣ ਜਾਂ ਜੇ ਉਹ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੀਆਂ ਨੀਤੀਆਂ ਨਾਲ ਸਹਿਮਤ ਹਨ ਤਾਂ ‘2’ ਦਬਾਉਣ। ਪੰਨੂੰ ‘ਤੇ ਮੌਜੂਦਾ ਸੰਕਟ ਦਾ ਫਾਇਦਾ ਉਠਾਉਣ ਦਾ ਦੋਸ਼ ਲਗਾਉਂਦਿਆਂ ਏਆਈਜੀ ਨੇ ਕਿਹਾ ਕਿ ਪੂਰੀ ਸਾਜਿਸ਼ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਪੰਨੂੰ, ਜੋ ਦਾਅਵਾ ਕਰਦਾ ਹੈ ਕਿ ਉਹ ਨਿਊ ਯਾਰਕ(ਅਮਰੀਕਾ) ਤੋਂ ਫੋਨ ਕਰ ਰਿਹਾ ਹੈ,ਨੂੰ ਪਹਿਲਾਂ ਤੋਂ ਰਿਕਾਰਡ ਗੱਲਬਾਤ ਵਿੱਚ ਇਹ ਕਹਿੰਦਿਆਂ ਸੁਣਿਆ ਗਿਆ ਸੀ ਕਿ ਉਹ ਐਸ.ਐਫ.ਜੇ. ਦੁਆਰਾ ਪੰਜਾਬ ਦੇ ਕੋਵਿਡ-19 ਦੇ ਹਰੇਕ ਮਰੀਜ਼ ਲਈ 2000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦੀ ਗੱਲ ਆਖੀ ਸੀ।
ਜ਼ਿਕਰਯੋਗ ਹੈ ਕਿ 10 ਜੁਲਾਈ 2019 ਨੂੰ ਭਾਰਤ ਸਰਕਾਰ ਦੇ ਗ੍ਰਹਿ ਮਾਮਲੇ ਮੰਤਰਾਲੇ ਨੇ ਐਸ.ਐਫ.ਜੇ. ਨੂੰ ‘ਗੈਰਕਾਨੂੰਨੀ ਐਸੋਸੀਏਸ਼ਨ’ ਘੋਸਤਿ ਕੀਤਾ ਸੀ ਕਿਉਂਕਿ ਇਹ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਪਾਇਆ ਗਿਆ ਸੀ ਜੋ ਭਾਰਤ ਦੀ ਅੰਦਰੂਨੀ ਸੁਰੱਖਿਆ ਅਤੇ ਜਨਤਕ ਆਦੇਸ਼ਾਂ ਦੇ ਪੱਖਪਾਤ ਵਾਲੇ ਹਨ ਜਿਸ ਨਾਲ ਦੇਸ਼ ਦੀ ਸ਼ਾਂਤੀ, ਏਕਤਾ ਅਤੇ ਅਖੰਡਤਾ ਨੂੰ ਭੰਗ ਕਰਨ ਦੀ ਸੰਭਾਵਨਾ ਹੋ ਸਕਦੀ ਹੈ।

ਇਸ ਤੋਂ ਇਲਾਵਾ, ਕੇਂਦਰ ਸਰਕਾਰ ਦਾ ਵਿਚਾਰ ਸੀ ਕਿ ਐਸ.ਐਫ.ਜੇ. ਪੰਜਾਬ ਅਤੇ ਹੋਰ ਦੇਸ਼ ਵਿਰੋਧੀ ਅਤੇ ਵਿਨਾਸ਼ਕਾਰੀ ਗਤੀਵਿਧੀਆਂ ਵਿਚ ਸ਼ਾਮਲ ਹੈ, ਜਿਸਦਾ ਉਦੇਸ਼ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਭੰਗ ਕਰਨਾ ਹੈ। ਐਸ.ਐਫ.ਜੇ. ਦੀ ਅੱਤਵਾਦੀ ਸੰਗਠਨਾਂ ਅਤੇ ਗਤੀਵਿਧੀਆਂ ਨਾਲ ਵੀ ਨੇੜਤਾ ਪਾਈ ਗਈ ਸੀ ਅਤੇ ਪੰਜਾਬ ਵਿੱਚ ਅੱਤਵਾਦ ਦੇ ਹਿੰਸਕ ਰੂਪਾਂ ਦੀ ਹਮਾਇਤ ਕਰ ਰਿਹਾ ਹੈ ਤਾਂ ਜੋ ਭਾਰਤ ਤੋਂ ਬਾਹਰ ਸੱਤਾਧਾਰੀ ਖਾਲਿਸਤਾਨ ਬਣਾਇਆ ਜਾ ਸਕੇ।
—–