ਪੀਐਸਪੀਸੀਐਲ ਦੇ ਲੁਧਿਆਣਾ ਕੇਂਦਰੀ ਜੋਨ ਵਿੱਚ ਚੈਕਿੰਗ – ਬਿਜਲੀ ਚੋਰੀ ਅਤੇ ਦੁਰਵਰਤੋਂ ਦੇ 220 ਕੇਸਾਂ ਅੰਦਰ 57 ਲੱਖ ਰੁਪਏ ਦਾ ਜੁਰਮਾਨਾ
4092 ਕੁਨੈਕਸ਼ਨਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚ ਪੂਰਬੀ ਸਰਕਲ ਦੇ 127 ਕੁਨੈਕਸ਼ਨ, ਪੱਛਮੀ ਸਰਕਲ ਦੇ 1594 ਕੁਨੈਕਸ਼ਨ, ਸਬ ਅਰਬਨ ਸਰਕਲ ਦੇ 844 ਕੁਨੈਕਸ਼ਨ ਅਤੇ ਖੰਨਾ ਸਰਕਲ ਦੇ 1527 ਕੁਨੈਕਸ਼ਨ ਸ਼ਾਮਲ
ਨਿਊਜ਼ ਪੰਜਾਬ ਬਿਊਰੋ
ਲੁਧਿਆਣਾ, 24 ਸਤੰਬਰ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪੀਐਸਪੀਸੀਐਲ) ਦੇ ਲੁਧਿਆਣਾ ਕੇਂਦਰੀ ਜੋਨ ਦੇ ਵੱਖ-ਵੱਖ ਸਰਕਲਾਂ ਦੀਆਂ ਟੀਮਾਂ ਨੇ ਕੇਂਦਰੀ ਜੋਨ ਲੁਧਿਆਣਾ ਦੇ ਚੀਫ਼ ਇਜੀਨੀਅਰ ਇੰਜ. ਇੰਦਰਪਾਲ ਸਿੰਘ ਦੀ ਯੋਗ ਅਗਵਾਈ ਹੇਠ ਬਿਜਲੀ ਚੋਰੀ ਉੱਪਰ ਨੱਥ ਪਾਉਣ ਸਬੰਧੀ ਲਗਾਤਾਰ ਚਲ ਰਹੀਆਂ ਕੋਸ਼ਿਸ਼ਾਂ ਅਧੀਨ ਸ਼ਨੀਵਾਰ ਨੂੰ ਸਬੰਧਤ ਇਲਾਕਿਆਂ ਅੰਦਰ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ।
ਇਸ ਤਹਿਤ ਟੀਮਾਂ ਨੇ 4092 ਕੁਨੈਕਸ਼ਨਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚ ਪੂਰਬੀ ਸਰਕਲ ਦੇ 127 ਕੁਨੈਕਸ਼ਨ, ਪੱਛਮੀ ਸਰਕਲ ਦੇ 1594 ਕੁਨੈਕਸ਼ਨ, ਸਬ ਅਰਬਨ ਸਰਕਲ ਦੇ 844 ਕੁਨੈਕਸ਼ਨ ਅਤੇ ਖੰਨਾ ਸਰਕਲ ਦੇ 1527 ਕੁਨੈਕਸ਼ਨ ਸ਼ਾਮਲ ਰਹੇ।
ਚੀਫ਼ ਇੰਜੀਨੀਅਰ ਸ੍ਰ. ਇੰਦਰਪਾਲ ਸਿੰਘ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਚੈਕਿੰਗ ਦੌਰਾਨ ਟੀਮਾਂ ਨੇ 220 ਕੁਨੈਕਸ਼ਨ ਅਜਿਹੇ ਫੜੇ, ਜਿਨ੍ਹਾਂ ਵਿਚੋਂ 78 ਕੁਨੈਕਸ਼ਨ ਬਿਜਲੀ ਚੋਰੀ 6 ਕੁਨੈਕਸ਼ਨ ਬਿਜਲੀ ਦੀ ਦੁਰਵਰਤੋਂ (ਯੂ ਯੂ ਈ) ਅਤੇ 136 ਕਨੈਕਸ਼ਨ ਗੈਰ ਕਾਨੂੰਨੀ ਤਰੀਕੇ ਨਾਲ ਸਪਲਾਈ (ਯੂ ਈ) ਤੇ ਹੋਰਨਾਂ ਮਾਮਲਿਆਂ ਨਾਲ ਜੁੜੇ ਸਨ। ਇਨ੍ਹਾਂ 220 ਕੇਸਾਂ ਵਿੱਚ ਟੀਮਾਂ ਨੇ 57.04 ਲੱਖ ਰੁਪਏ ਦੇ ਜੁਰਮਾਨੇ ਵਸੂਲ ਕੀਤੇ ਹਨ ।
ਉਹਨਾਂ ਨੇ ਦੱਸਿਆ ਕਿ ਇਹਨਾਂ 220 ਕੇਸਾਂ ਵਿੱਚੋ 94 ਕੇਸ ਸਬ ਅਰਬਨ ਸਰਕਲ, 73 ਕੇਸ ਖੰਨਾ ਸਰਕਲ, 42 ਕੇਸ ਪੱਛਮੀ ਸਰਕਲ ਅਤੇ 11 ਕੇਸ ਪੂਰਬੀ ਸਰਕਲ ਵਿਚੋਂ ਸਨ।
ਇਸ ਤਹਿਤ ਮੁਹਿੰਮ ਦੌਰਾਨ ਸਭ ਤੋ ਵੱਧ ਕੁਨੈਕਸ਼ਨ ਪੱਛਮੀ ਸਰਕਲ – 1594 ਅਧੀਨ ਚੈੱਕ ਕੀਤੇ ਗਏ, ਜਿਨ੍ਹਾਂ ਵਿੱਚੋਂ ਕਾਰਜਕਾਰੀ ਇੰਜੀਨੀਅਰ (ਅਗਰ ਨਗਰ) ਦਲਜੀਤ ਸਿੰਘ ਦੀਆਂ ਵਿਸ਼ੇਸ਼ ਕੋਸ਼ਿਸ਼ਾਂ ਸਦਕਾ ਸਿਰਫ਼ ਅਗਰ ਨਗਰ ਡਵੀਜਨ ਅੰਦਰ 469 ਕੁਨੈਕਸ਼ਨ ਚੈੱਕ ਕੀਤੇ ਗਏ।
ਇੰਜ. ਇੰਦਰਪਾਲ ਸਿੰਘ ਨੇ ਸਪਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੀ ਅਗਵਾਈ ਹੇਠ ਸਰਕਾਰ ਸੂਬੇ ਅੰਦਰ ਬਿਜਲੀ ਚੋਰੀ ਉੱਪਰ ਨੱਥ ਪਾਉਣ ਲਈ ਵਚਨਬੱਧ ਹੈ ਅਤੇ ਸੀਐਮਡੀ ਇੰਜ. ਬਲਦੇਵ ਸਿੰਘ ਸਰਾਂ ਤੇ ਡਾਇਰੈਕਟਰ ਵੰਡ ਡੀਪੀਐਸ ਗਰੇਵਾਲ ਦੀਆਂ ਬਿਜਲੀ ਚੋਰੀ ਦੀ ਅਲਾਮਤ ਨੂੰ ਖ਼ਤਮ ਕਰਨ ਵਾਸਤੇ ਕੁੰਡੀ ਲਗਾਉਣ ਵਾਲੇ ਖਪਤਕਾਰਾਂ ਖਿਲਾਫ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ ਹਨ।
ਉਹਨਾਂ ਨੇ ਕਿਹਾ ਕਿ ਵਿਭਾਗ ਆਪਣੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਵਾਸਤੇ ਇਸਦੀ ਚੋਰੀ ਉਪਰ ਨੱਥ ਪਾਉਣਾ ਚਾਹੁੰਦਾ ਹੈ। ਇਹ ਤਹਿਤ ਆਉਂਦੇ ਦਿਨਾਂ ਦੌਰਾਨ ਮੁਹਿੰਮ ਨੂੰ ਹੋਰ ਵੱਡੇ ਪੱਧਰ ਤੇ ਚਲਾਇਆ ਜਾਵੇਗਾ ਅਤੇ ਉਨ੍ਹਾਂ ਨੇ ਬਿਜਲੀ ਦੀ ਖਪਤ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖਪਤਕਾਰਾਂ ਨੂੰ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ।