ਅਮਰੀਕਾ ‘ਚ ਭਾਰਤੀਆਂ ਜਾਹਨਵੀ ਲਈ ਮੰਗਿਆ ਇਨਸਾਫ, ਮੌਤ ‘ਤੇ ਹੱਸਣ ਵਾਲੇ ਪੁਲਿਸ ਮੁਲਾਜ਼ਮ ਖਿਲਾਫ ਕਾਰਵਾਈ ਦੀ ਮੰਗ

ਅਮਰੀਕਾ ‘ਚ ਭਾਰਤੀ ਮੂਲ ਦੀ ਲੜਕੀ ਜਾਹਨਵੀ ਦੀ ਮੌਤ ‘ਤੇ ਪੁਲਿਸ ਮੁਲਾਜ਼ਮ ਵੱਲੋਂ ਕੀਤੀ ਗਈ ਅਸੰਵੇਦਨਸ਼ੀਲ ਟਿੱਪਣੀ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਭਾਰਤੀ ਭਾਈਚਾਰੇ ਦੇ 200 ਤੋਂ ਵੱਧ ਲੋਕਾਂ ਨੇ ਜਾਹਨਵੀ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਰੈਲੀ ਕੱਢੀ। ਇਸ ਦੇ ਨਾਲ ਹੀ ਭਾਰਤਵੰਸ਼ੀ ਦੇ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੇ ਸਿਆਟਲ ਪੁਲਿਸ ਨੂੰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਹੈ। ਸਿਆਟਲ ਕੌਂਸਲ ਦੀ ਮੈਂਬਰ ਕਸ਼ਮਾ ਸਾਵੰਤ ਨੇ ਵੀ ਪੁਲਿਸ ਦੀ ਜਵਾਬਦੇਹੀ ਤੈਅ ਕਰਨ ਦੀ ਗੱਲ ਕਹੀ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ ‘ਚ ਸਿਆਟਲ ‘ਚ ਪੁਲਸ ਵਾਹਨ ਦੀ ਟੱਕਰ ‘ਚ ਭਾਰਤੀ ਮੂਲ ਦੀ ਇਕ ਲੜਕੀ ਦੀ ਮੌਤ ਹੋ ਗਈ ਸੀ। ਜਾਂਚ ਲਈ ਆਏ ਪੁਲਿਸ ਮੁਲਾਜ਼ਮ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਮਾਮਲੇ ਸਬੰਧੀ ਆਪਣੇ ਇੱਕ ਸਾਥੀ ਨਾਲ ਗੱਲ ਕਰਦੇ ਹੋਏ ਮੌਤ ‘ਤੇ ਅਸੰਵੇਦਨਸ਼ੀਲ ਟਿੱਪਣੀਆਂ ਕਰਦੇ ਹੋਏ ਹੱਸਦਾ ਨਜ਼ਰ ਆ ਰਿਹਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕ ਗੁੱਸੇ ‘ਚ ਹਨ। ਭਾਰਤੀ ਰਾਜਦੂਤ ਨੇ ਇਸ ਸਬੰਧੀ ਅਮਰੀਕੀ ਪ੍ਰਸ਼ਾਸਨ ਕੋਲ ਆਪਣਾ ਵਿਰੋਧ ਦਰਜ ਕਰਵਾਇਆ ਹੈ, ਜਿਸ ਤੋਂ ਬਾਅਦ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ। ਸਾਨ ਫਰਾਂਸਿਸਕੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਬੁੱਧਵਾਰ ਨੂੰ ਇਸ ਘਟਨਾ ਨੂੰ ਚਿੰਤਾਜਨਕ ਦੱਸਿਆ। ਕੌਂਸਲੇਟ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਇੱਕ ਪੋਸਟ ਵਿੱਚ ਕਿਹਾ, “ਅਸੀਂ ਇਸ ਦੁਖਦਾਈ ਮਾਮਲੇ ਵਿੱਚ ਸ਼ਾਮਲ ਲੋਕਾਂ ਦੇ ਖਿਲਾਫ ਪੂਰੀ ਜਾਂਚ ਅਤੇ ਕਾਰਵਾਈ ਲਈ ਇਸ ਮਾਮਲੇ ਨੂੰ ਸਿਆਟਲ ਅਤੇ ਵਾਸ਼ਿੰਗਟਨ ਦੇ ਸਥਾਨਕ ਅਧਿਕਾਰੀਆਂ ਦੇ ਨਾਲ-ਨਾਲ ਵਾਸ਼ਿੰਗਟਨ ਦੇ ਸੀਨੀਅਰ ਅਧਿਕਾਰੀਆਂ ਨਾਲ ਸਾਂਝਾ ਕੀਤਾ ਹੈ।”