ਐਮ ਪੀ ਅਤੇ ਅਧਿਕਾਰੀਆਂ ਵੱਲੋਂ ਜਾਰੀ ਰੇਲਵੇ ਟਿਕਟਾਂ ਲੈਣ ਵਾਲਿਆਂ ਦੀ ਹੁਣ ਹੋਇਆ ਕਰੇਗੀ ਪੁੱਛ – ਪੜਤਾਲ, ਕੋਟੇ ਦੀ ਦੁਰਵਰਤੋਂ ਰੋਕਣ ਲਈ ਰੇਲਵੇ ਨੇ ਚੁੱਕਿਆ ਕਦਮ 

 

ਨਿਊਜ਼ ਪੰਜਾਬ ਬਿਊਰੋ

ਰੇਲਵੇ ਅਧਿਕਾਰੀਆਂ ਅਤੇ ਸੰਸਦ ਮੈਂਬਰਾਂ ਵੱਲੋਂ ਰੇਲ ਯਾਤਰਾ ਲਈ ਮਿਲੇ ਕੋਟੇ (HO) ਦੀ ਦੁਰਵਰਤੋਂ ਰੋਕਣ ਲਈ ਹੁਣ ਰੇਲਵੇ ਕੋਟੇ ਵਿਚੋਂ ਟਿਕਟ ਪ੍ਰਾਪਤ ਕਰਨ ਵਾਲੇ ਯਾਤਰੀ ਦੇ ਕੋਟਾ ਜਾਰੀ ਕਰਨ ਵਾਲੇ ਨਾਲ ਸਬੰਧਾਂ ਦੀ ਜਾਚ ਕਰੇਗਾ, ਟਿਕਟ ਦਲਾਲਾਂ ਕੋਲੋਂ ਖਰੀਦੀ ਹੋਣ ਤੇ ਕਾਰਵਾਈ ਹੋਵੇਗੀ I

ਰੇਲਵੇ ਨੇ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਉੱਤਰੀ ਰੇਲਵੇ ਨੇ ਕਿਹਾ, ਹੁਣ ਕੋਟਾ ਅਧਿਕਾਰੀ ਅਤੇ ਯਾਤਰੀ ਵਿਚਕਾਰ ਸਬੰਧਾਂ ਬਾਰੇ ਜਾਣਕਾਰੀ ਲਈ ਫਾਰਮ ਭਰਨਾ ਲਾਜ਼ਮੀ ਹੋਵੇਗਾ।

ਦਲਾਲ ਰੇਲਵੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਜਾਂ ਸੰਸਦ ਮੈਂਬਰ ਦੇ ਨਾਂ ‘ਤੇ ਗਲਤ ਦਸਤਾਵੇਜ਼ ਲਗਾ ਕੇ ਕੋਟਾ ਹਾਸਲ ਕਰ ਲੈਂਦੇ ਹਨ ਇਸ ਦੀ ਸੱਚਾਈ ਜਾਣਨ ਲਈ ਰੇਲਵੇ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੇ ਲਈ ਸਾਰੀਆਂ ਡਿਵੀਜ਼ਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਚੱਲਦੀ ਰੇਲਗੱਡੀ ਵਿੱਚ ਪੱਕੀ ਸੀਟ ‘ਤੇ ਸਫ਼ਰ ਕਰਨ ਵਾਲੇ ਯਾਤਰੀਆਂ ਤੋਂ ਕੋਟੇ ਰਾਹੀਂ ਪੁੱਛ-ਪੜਤਾਲ ਕਰਨਗੇ, ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਕੋਟਾ ਲਗਾਉਣ ਪਿੱਛੇ ਪੈਸਿਆਂ ਦਾ ਕੋਈ ਲੈਣ-ਦੇਣ ਹੈ ਜਾਂ ਨਹੀਂ। ਇਸ ਦੇ ਨਾਲ ਯਾਤਰੀਆਂ ਦੇ ਵੇਰਵੇ ਅਤੇ ਫਾਰਮ ਦੀ ਰਿਪੋਰਟ ਰੋਜ਼ਾਨਾ ਡਿਵੀਜ਼ਨ ਦਫ਼ਤਰ ਨੂੰ ਭੇਜਣ ਲਈ ਕਿਹਾ ਗਿਆ ਹੈ।

ਰੇਲਵੇ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਸਫਰ ਦੌਰਾਨ ਮੋਬਾਇਲ ਨੰਬਰ, ਨਾਮ, ਪੀ.ਐੱਨ.ਆਰ. ਨੰਬਰ, ਸੀਟ ਨੰਬਰ, ਕਿੱਥੋਂ ਤੱਕ ਕਿੱਥੋਂ ਤੱਕ ਕਿੱਥੇ ਤੱਕ ਸਵਾਰੀ ਦੀ ਸੀਟ ‘ਤੇ ਕੋਟਾ (ਐੱਚ.ਓ.) ਲਗਾਇਆ ਗਿਆ ਹੈ, ਨਾਲ ਹੀ ਕੋਟੇ ਦੀ ਵੀ ਜਾਣਕਾਰੀ ਮਿਲਦੀ ਹੈ। ਸਬੰਧਤ ਅਧਿਕਾਰੀ ਨਾਲ ਯਾਤਰੀ ਦੇ ਸਬੰਧਾਂ ਬਾਰੇ ਜਾਣਕਾਰੀ ਦੇਣੀ ਹੋਵੇਗੀ। ਇਸ ਤੋਂ ਇਲਾਵਾ ਯਾਤਰੀ ਦੇ ਪਛਾਣ ਪੱਤਰ ਦੀ ਪੁਸ਼ਟੀ ਕਰਨ ਤੋਂ ਬਾਅਦ ਇੱਕ ਫਾਰਮ ਭਰਿਆ ਜਾ ਰਿਹਾ ਹੈ।