ਸ਼੍ਰੋਮਣੀ ਪੁਰਸਕਾਰਾਂ ’ਤੇ ਲੱਗੀ ਰੋਕ ਹਟੀ, 5 ਕਰੋੜ 70 ਲੱਖ ਦੇ ਕਰੀਬ ਬਣਦੀ ਹੈ ਪੁਰਸਕਾਰਾਂ ਦੀ ਰਕਮ
ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਲੁਧਿਆਣਾ ਰਾਧਿਕਾ ਪੁਰੀ ਦੀ ਅਦਾਲਤ ਨੇ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਸ਼੍ਰੋਮਣੀ ਪੁਰਸਕਾਰਾਂ ’ਤੇ ਲੱਗੀ ਰੋਕ ਹਟਾ ਦਿੱਤੀ ਹੈ। ਇਨ੍ਹਾਂ ’ਚ ਕੁੱਲ 108 ਪੁਰਸਕਾਰ ਸ਼ਾਮਲ ਹਨ, ਜਿਨ੍ਹਾਂ ’ਚ 6 ਪੁਰਸਕਾਰ 10-10 ਲੱਖ ਰੁਪਏ ਦੇ ਹਨ ਜਦਕਿ 102 ਪੁਰਸਕਾਰ 5-5 ਲੱਖ ਰੁਪਏ ਦੇ ਹਨ। ਇਨ੍ਹਾਂ ਪੁਰਸਕਾਰਾਂ ਦੀ ਕੁੱਲ ਕੀਮਤ 5 ਕਰੋੜ 70 ਲੱਖ ਦੇ ਕਰੀਬ ਬਣਦੀ ਹੈ। ਕਈ ਹਸਤੀਆਂ ਪੁਰਸਕਾਰਾਂ ਦੀ ਉਡੀਕ ਕਰਦਿਆਂ ਦੁਨੀਆ ਤੋਂ ਰੁਖ਼ਸਤ ਹੋ ਚੁੱਕੀਆਂ ਹਨ।
ਭਾਸ਼ਾ ਵਿਭਾਗ ਨੇ ਕੁਝ ਸਮਾਂ ਪਹਿਲਾਂ ਜਦੋਂ ਸ਼੍ਰੋਮਣੀ ਪੁਰਸਕਾਰਾਂ ਦਾ ਐਲਾਨ ਕੀਤਾ ਸੀ ਤਾਂ ਨਾਮੀ ਸਾਹਿਤਕਾਰ ਮਿੱਤਰ ਸੈਨ ਮੀਤ ਨੇ ਪੁਰਸਕਾਰਾਂ ਲਈ ਸ਼ਖ਼ਸੀਅਤਾਂ ਦੀ ਚੋਣ ’ਤੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਨੇ ਦਲੀਲ ਦਿੱਤੀ ਸੀ ਕਿ ਕਈ ਅਜਿਹੇ ਵਿਅਕਤੀਆਂ ਨੂੰ ਪੁਰਸਕਾਰ ਲਈ ਚੁਣਿਆ ਗਿਆ ਹੈ, ਜੋ ਨਿਯਮਾਂ ਅਨੁਸਾਰ ਇਸ ਦੇ ਹੱਕਦਾਰ ਨਹੀਂ ਸਨ। ਉਹ ਇਹ ਮੁੱਦਾ ਲੈ ਕੇ ਅਦਾਲਤ ਪਹੁੰਚ ਗਏ, ਜਿਸ ’ਤੇ ਅਦਾਲਤ ਨੇ ਇਹ ਪੁਰਸਕਾਰ ਦੇਣ ’ਤੇ ਰੋਕ ਲਾ ਦਿੱਤੀ ਸੀ। ਫ਼ਿਲਹਾਲ ਸੀਜੇਐੱਮ ਦੇ ਫ਼ੈਸਲੇ ਤੋਂ ਬਾਅਦ ਉਹ ਸ਼ਖ਼ਸੀਅਤਾਂ ਕੁਝ ਰਾਹਤ ਮਹਿਸੂਸ ਕਰ ਰਹੀਆਂ ਹਨ, ਜਿਨ੍ਹਾਂ ਦਾ ਨਾਂ ਪੁਰਸਕਾਰ ਲਈ ਚੁਣਿਆ ਗਿਆ ਸੀ।