ਭੁਬਨੇਸ਼ਵਰ ਤੇ ਰਾਉਰਕੇਲਾ ਕਰਨਗੇ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ
ਭੁਬਨੇਸ਼ਵਰ: ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਬੁੱਧਵਾਰ ਨੂੰ ਕਿਹਾ ਕਿ ਮਰਦ ਹਾਕੀ ਵਿਸ਼ਵ ਕੱਪ 2023 ਦੇ ਮੁਕਾਬਲੇ ਭੁਬਨੇਸ਼ਵਰ ਤੇ ਰਾਉਰਕੇਲਾ ਵਿਚ ਕਰਵਾਏ ਜਾਣਗੇ। ਅੱਠ ਨਵੰਬਰ ਨੂੰ ਅੰਤਰਰਾਸ਼ਟਰੀ ਹਾਕੀ ਮਹਾਸੰਘ (ਐੱਫਆਈਐੱਚ) ਨੇ ਭਾਰਤ ਨੂੰ 2023 ਮਰਦ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਚੁਣਿਆ। ਜਿਸ ਨਾਲ ਦੇਸ਼ ਲਗਾਤਾਰ ਦੂਜੀ ਵਾਰ ਇਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ। ਐੱਫਆਈਐੱਚ ਮੁਤਾਬਕ ਮਰਦ ਹਾਕੀ ਵਿਸ਼ਵ ਕੱਪ ਭਾਰਤ ਵਿਚ 13 ਤੋਂ 29 ਜਨਵਰੀ 2023 ਦੌਰਾਨ ਖੇਡਿਆ ਜਾਵੇਗਾ। ਪਟਨਾਇਕ ਨੇ ਕਲਿੰਗਾ ਸਟੇਡੀਅਮ ਵਿਚ ਇਕ ਸਮਾਗਮ ਵਿਚ ਲੋਕਾਂ ਨੂੰ ਕਿਹਾ ਕਿ ਅਸੀਂ 2018 ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਤੇ ਮੈਂ ਇਹ ਐਲਾਨ ਕਰਨਾ ਚਾਹੁੰਦਾ ਹਾਂ ਕਿ 2023 ਹਾਕੀ ਵਿਸ਼ਵ ਕੱਪ ਮੁੜ ਭੁਬਨੇਸ਼ਵਰ ਤੇ ਰਾਉਰਕੇਲਾ ਵਿਚ ਕਰਵਾਇਆ ਜਾਵੇਗਾ। ਕੀ ਤੁਸੀਂ ਖ਼ੁਸ਼ ਹੋ। ਮੈਂ ਤਾਂ ਬਹੁਤ ਖ਼ੁਸ਼ ਹਾਂ।