International Kabaddi Tournament : ਅੱਠ ‘ਚੋਂ ਛੇ ਵਿਦੇਸ਼ੀ ਟੀਮਾਂ ਨੂੰ ਟੂਰਨਾਮੈਂਟ ‘ਚ ਹਿੱਸਾ ਲੈਣ ਦੀ ਮਿਲੀ ਪ੍ਰਵਾਨਗੀ

ਚੰਡੀਗੜ੍ਹ : ‘ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ-2019 ‘ਚ ਹਿੱਸਾ ਲੈਣ ਵਾਲੀਆਂ ਅੱਠ ਵਿਦੇਸ਼ੀ ਟੀਮਾਂ ‘ਚੋਂ ਛੇ ਨੂੰ ਭਾਰਤ ਸਰਕਾਰ ਦੇ ਖੇਡ ਤੇ ਯੁਵਕ ਸੇਵਾਵਾਂ ਵਿਭਾਗ ਤੇ ਗ੍ਰਹਿ ਵਿਭਾਗ ਨੇ ਐੱਨਓਸੀ ਜਾਰੀ ਕਰ ਦਿੱਤੀ ਹੈ ਜਦਕਿ ਪਾਕਿਸਤਾਨ ਤੇ ਕੈਨੇਡਾ ਦੀਆਂ ਟੀਮਾਂ ਨੂੰ ਛੇਤੀ ਹੀ ਐੱਨਓਸੀ ਮਿਲਣ ਦੀ ਸੰਭਾਵਨਾ ਹੈ।’

ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਡਾਇਰੈਕਟਰ ਸਪੋਰਟਸ ਸੰਜੇ ਪੋਪਲੀ ਨੇ ਦੱਸਿਆ ਕਿ ਸੂਬੇ ਦਾ ਖੇਡ ਵਿਭਾਗ ਪਾਕਿਸਤਾਨ ਤੇ ਕੈਨੇਡਾ ਦੀਆਂ ਟੀਮਾਂ ਲਈ ਐੱਨਓਸੀ ਜਾਰੀ ਕਰਵਾਉਣ ਲਈ ਲਗਾਤਾਰ ਭਾਰਤ ਸਰਕਾਰ ਨਾਲ ਸੰਪਰਕ ‘ਚ ਹੈ ਤੇ ਇਸ ਦੇ ਛੇਤੀ ਹੀ ਜਾਰੀ ਹੋਣ ਦੀ ਪੂਰੀ ਆਸ ਹੈ।

ਉਨ੍ਹਾਂ ਦੱਸਿਆ ਕਿ ਘਰੇਲੂ ਟੀਮ ਭਾਰਤ ਤੋਂ ਇਲਾਵਾ ਇਸ ਟੂਰਨਾਮੈਂਟ ‘ਚ ਪਾਕਿਸਤਾਨ, ਕੈਨੇਡਾ, ਅਮਰੀਕਾ, ਆਸਟਰੇਲੀਆ, ਇੰਗਲੈਂਡ, ਸ੍ਰੀਲੰਕਾ, ਕੀਨੀਆ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਹਿੱਸਾ ਲੈਣਗੀਆਂ।

ਡਾਇਰੈਕਟਰ ਸਪੋਰਟਸ ਨੇ ਦੱਸਿਆ ਕਿ ਖਿਡਾਰੀਆਂ ਨੂੰ ਠਹਿਰਾਉਣ ਦਾ ਪੂਰਾ ਇੰਤਜ਼ਾਮ ਕੀਤਾ ਜਾ ਚੁੱਕਾ ਹੈ ਤੇ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਹੋਟਲਾਂ ਤੋਂ ਖੇਡ ਮੈਦਾਨਾਂ ਤਕ ਪਹੁੰਚਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ।