ਮਨੀਪੁਰ ‘ਚ ਫਿਰ ਭੜਕੀ ਹਿੰਸਾ, ਤਿੰਨ ਲੋਕਾਂ ਦੀ ਮੌਤ, ਕਈ ਘਰਾਂ ਨੂੰ ਲਗਾਈ ਅੱਗ

ਨਿਊਜ਼ ਪੰਜਾਬ, 5 ਅਗਸਤ

ਮਨੀਪੁਰ ‘ਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਪਿਛਲੇ ਦਿਨੀਂ ਪੁਲਿਸ ਅਤੇ ਫ਼ੌਜ ਦੀ ਮਦਦ ਨਾਲ ਹਿੰਸਾ ਦੀ ਅੱਗ ਨੂੰ ਸ਼ਾਂਤ ਕੀਤਾ ਗਿਆ ਸੀ ਪਰ ਇੱਕ ਵਾਰ ਫਿਰ ਅੱਗਜ਼ਨੀ ਅਤੇ ਖ਼ੂਨੀ ਖੇਡ ਸ਼ੁਰੂ ਹੋ ਗਈ ਹੈ। ਬੀਤੀ ਰਾਤ ਕੁਝ ਬਦਮਾਸ਼ਾਂ ਨੇ ਬਿਸ਼ਨੂਪੁਰ ਜ਼ਿਲ੍ਹੇ ਵਿੱਚ ਮੈਤਈ ਭਾਈਚਾਰੇ ਦੇ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ।ਬਦਮਾਸ਼ਾਂ ਨੇ ਹਿੰਸਾ ਦੇ ਨਾਲ-ਨਾਲ ਕਈ ਘਰਾਂ ਨੂੰ ਅੱਗ ਵੀ ਲਾ ਦਿੱਤੀ। ਪੁਲਿਸ ਨੇ ਦੱਸਿਆ ਕਿ ਕਈ ਲੋਕ ਮੈਤਈ ਭਾਈਚਾਰੇ ਦੇ ਬਫਰ ਜ਼ੋਨ ਨੂੰ ਪਾਰ ਕਰਨ ਤੋਂ ਬਾਅਦ ਦਾਖ਼ਲ ਹੋਏ ਅਤੇ ਉਥੇ ਗੋਲੀਆਂ ਚਲਾਈਆਂ। ਕੇਂਦਰ ਸਰਕਾਰ ਦੇ ਹੁਕਮਾਂ ਤਹਿਤ ਬਿਸ਼ਨੂਪੁਰ ਦੇ ਕਵਾਕਟਾ ਖੇਤਰ ਵਿੱਚ ਇੱਕ ਬਫਰ ਜ਼ੋਨ ਬਣਾਇਆ ਗਿਆ ਹੈ। ਗੋਲ਼ੀਬਾਰੀ ਨਾਲ ਪੁਲਿਸ ਦੇ ਹਥਿਆਰ ਲੁੱਟੇ ਪਿਛਲੇ ਦਿਨ ਵੀ ਬਿਸ਼ਨੂਪੁਰ ਵਿੱਚ ਹਮਲਾ ਹੋਇਆ ਸੀ ਅਤੇ ਬਦਮਾਸ਼ਾਂ ਨੇ ਇੰਡੀਆ ਰਿਜ਼ਰਵ ਬਟਾਲੀਅਨ (ਆਈਆਰਬੀ) ਦੇ ਬਟਾਲੀਅਨ ਹੈੱਡਕੁਆਰਟਰ ਵਿੱਚ ਦਾਖਲ ਹੋ ਕੇ ਹਥਿਆਰ ਚੋਰੀ ਕਰ ਲਏ ਸਨ। ਅਸਾਲਟ ਰਾਈਫਲਾਂ ਦੇ ਨਾਲ ਕਈ ਪੁਲਿਸ ਹਥਿਆਰ ਅਤੇ 19,000 ਦੇ ਕਰੀਬ ਗੋਲਾ ਬਾਰੂਦ ਚੋਰੀ ਕੀਤਾ ਗਿਆ ਹੈ। ਸੁਰੱਖਿਆ ਬਲਾਂ ਨੇ ਬਦਮਾਸ਼ਾਂ ਨੂੰ ਰੋਕਣ ਲਈ ਕਈ ਰਾਊਂਡ ਫਾਇਰ ਵੀ ਕੀਤੇ।

ਹਾਲਾਂਕਿ ਬਦਮਾਸ਼ਾਂ ਦੇ ਹਮਲੇ ‘ਚ ਕਈ ਸੁਰੱਖਿਆ ਕਰਮਚਾਰੀ ਜ਼ਖ਼ਮੀ ਹੋ ਗਏ। ਇਸ ਮਗਰੋਂ ਪੁਲਿਸ ਨੇ ਸਥਿਤੀ ’ਤੇ ਕਾਬੂ ਪਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਘਟਨਾ ਤੋਂ ਬਾਅਦ ਇੰਫਾਲ ਦੇ ਕਈ ਇਲਾਕਿਆਂ ‘ਚ ਕਰਫਿਊ ‘ਚ ਦਿੱਤੀ ਗਈ ਢਿੱਲ ਵਾਪਸ ਲੈ ਲਈ ਗਈ ਹੈ। ਮਨੀਪੁਰ ਵਿੱਚ ਹਿੰਸਾ ਦੇ ਮੁੜ ਉਭਰਨ ਦੇ ਨਾਲ, ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪੁਲਿਸ ਨੇ ਕਿਹਾ ਕਿ ਗੋਲ਼ੀਬਾਰੀ ਅਤੇ ਹਿੰਸਾ ਦੀਆਂ ਕਈ-ਕਈ ਘਟਨਾਵਾਂ ਹੋਈਆਂ ਅਤੇ ਭੀੜ ਨੇ ਬਿਸ਼ਨੂਪੁਰ ਦੇ ਕਿਰਨਫਾਬੀ ਅਤੇ ਥੰਗਾਲਾਵਈ ਵਿਖੇ ਪੁਲਿਸ ਚੌਕੀਆਂ ‘ਤੇ ਹਮਲਾ ਕੀਤਾ ਅਤੇ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਭੰਡਾਰ ਲੁੱਟ ਲਿਆ।