ਹਰਿਆਣਾ ਦੇ ਨੂੰਹ ਅਤੇ ਗੁਰੁਗ੍ਰਮ ਚ ਫ਼ਿਰਕੂ ਹਿੰਸਾ, 5 ਮੌਤਾਂ, ਧਾਰਮਿਕ ਸਥਾਨ ਅਤੇ ਵਹੀਕਲਾ ਦੀ ਵੱਡੀ ਗਿਣਤੀ ਚ ਸਾੜ ਫੂਕ
ਨਿਊਜ਼ ਪੰਜਾਬ
ਹਰਿਆਣਾ ਦੇ ਨੂੰਹ ਅਤੇ ਗੁਰੂਗ੍ਰਾਮ ਵਿੱਚ ਫਿਰਕੂ ਹਿੰਸਾ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ। ਸੋਮਵਾਰ ਰਾਤ ਨੂੰ ਨੂੰਹ ‘ਚ ਕਰਫਿਊ ਲਗਾ ਦਿੱਤਾ ਗਿਆ ਹੈ। ਰਾਤ ਨੂੰ ਕਿਸੇ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਅਤੇ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਆਈਪੀਐੱਸ ਅਧਿਕਾਰੀਆਂ ਨੂੰ ਨੂਹ ਦੇ ਸਾਰੇ ਅੱਠ ਥਾਣਿਆਂ ਦਾ ਚਾਰਜ ਸੰਭਾਲਣ ਲਈ ਕਿਹਾ ਗਿਆ ਹੈ। ਪੁਲੀਸ ਖੇਦਲਾ ਪਿੰਡ ਵਿੱਚ ਛਾਪੇਮਾਰੀ ਕਰ ਰਹੀ ਹੈ ਤੇ ਪਿੰਡ ਵਾਸੀ ਗ੍ਰਿਫਤਾਰੀਆਂ ਤੋਂ ਬਚਣ ਲਈ ਨੇੜਲੇ ਪਹਾੜਾਂ ਵੱਲ ਭੱਜ ਗਏ ਹਨ। ਇਸ ਦੌਰਾਨ ਨੂਹ ਦਾ ਸੇਕ ਗੁਰੂਗ੍ਰਾਮ ਤੱਕ ਪੁੱਜ ਗਿਆ ਹੈ ਤੇ ਸੈਕਟਰ 57 ਵਿੱਚ ਮਸਜਿਦ ਨੂੰ ਅੱਗ ਲਗਾ ਦਿੱਤੀ ਗਈ। ਭੀੜ ਨੇ ਗੋਲੀ ਚਲਾ ਕੇ 26 ਸਾਲਾ ਨੌਜਵਾਨ ਦੀ ਹੱਤਿਆ ਕਰ ਦਿੱਤੀ। ਪੁਲੀਸ ਅਨੁਸਾਰ ਭੀੜ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਕ ਸੀਨੀਅਰ ਅਧਿਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਬਿਹਾਰ ਦੇ ਰਹਿਣ ਵਾਲੇ ਸਾਦ ਵਜੋਂ ਹੋਈ ਹੈ। ਇਸੇ ਦੌਰਾਨ ਹਰਿਆਣਾ ਸਰਕਾਰ ਨੇ ਨੂਹ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਕੇਂਦਰ ਤੋਂ ਰੈਪਿਡ ਐਕਸ਼ਨ ਫੋਰਸ ਦੀਆਂ 20 ਕੰਪਨੀਆਂ ਹਫ਼ਤੇ ਲਈ ਮੰਗੀਆਂ ਹਨ। ਸੋਹਨਾ, ਮਾਨੇਸਰ ਅਤੇ ਪਟੌਦੀ ਵਿੱਚ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।