ਹੁਣ ਰਾਵੀ ਦਰਿਆ ਚ ਹੜ੍ਹ ਦਾ ਖਤਰਾ, ਪ੍ਰਸ਼ਾਸ਼ਨ ਨੇ ਨੇੜਲੇ ਪਿੰਡਾਂ ਨੂੰ ਚੌਕਸ ਰਹਿਣ ਲਈ ਕਿਹਾ

ਅੰਮ੍ਰਿਤਸਰ, 19 ਜੁਲਾਈ

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਰਾਵੀ ਦਰਿਆ ਦੇ ਨੇੜੇ ਰਹਿੰਦੇ ਲੋਕਾਂ ਨੂੰ ਚੌਕਸ ਕਰਦੇ ਦੱਸਿਆ ਹੈ ਕਿ ਬੀਤੀ ਰਾਤ ਰਾਵੀ ਦਰਿਆ ਵਿਚ ਉਜ ਦਰਿਆ ਤੋਂ ਢਾਈ ਲੱਖ ਕਿਊਸਿਕ ਪਾਣੀ ਛੱਡੇ ਜਾਣ ਕਾਰਨ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧੇਗਾ। ਇਸ ਲਈ ਕੋਈ ਵੀ ਰਾਵੀ ਦਰਿਆ ਤੋਂ ਪਾਰ ਨਾ ਜਾਵੇ ਅਤੇ ਦਰਿਆ ਦੇ ਨੇੜੇ ਰਹਿੰਦੇ ਲੋਕ ਵੀ ਬੰਨ੍ਹ ਤੋਂ ਦੂਰ ਰਹਿਣ। ਪ੍ਰਸ਼ਾਸਨ ਕਿਸੇ ਵੀ ਸਥਿਤੀ ਨਾ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ ਪਰ ਇਸ ਲਈ ਜਨਤਾ ਦੇ ਸਾਥ ਦੀ ਲੋੜ ਹੈ। ਫਿਲਹਾਲ ਲੋਕ ਦਰਿਆ ਪਾਰ ਨਾ ਜਾਣ ਤੇ ਆਪਣੇ ਪਸ਼ੂ ਨੂੰ ਵੀ ਦਰਿਆ ਤੋਂ ਦੂਰ ਰੱਖਣ। ਪਾਣੀ ਅੱਜ ਸ਼ਾਮ ਤੱਕ ਰਾਵੀ ਦੇ ਅੰਮ੍ਰਿਤਸਰ ਜ਼ਿਲ੍ਹੇ ਵਾਲੇ ਇਲਾਕੇ ਵਿਚ ਆਉਣਾ ਹੈ ਪਰ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੋਣ ਕਾਰਨ ਇਲਾਕਾ ਵਾਸੀ ਅੱਜ ਦਿਨ ਵੇਲੇ ਵੀ ਦਰਿਆ ਤੋਂ ਦੂਰ ਰਹਿਣ।