ਹਰਿਮੰਦਰ ਸਾਹਿਬ ਦਾ ਲਾਈਵ ਹੁਣ ਸ਼੍ਰੋਮਣੀ ਕਮੇਟੀ ਯੂ ਟਿਊਬ ਤੇ ਕਰੇਗੀ, 24 ਜੁਲਾਈ ਤੋਂ ਸ਼ੁਰੂਆਤ
ਅੰਮ੍ਰਿਤਸਰ, 14 ਜੁਲਾਈ
ਇਥੇ ਹਰਿਮੰਦਰ ਸਾਹਬਿ ਵਿੱਚ ਹੁੰਦੇ ਕੀਰਤਨ ਦੇ ਸਿੱਧੇ ਪ੍ਰਸਾਰਨ ਵਾਸਤੇ ਸ਼੍ਰੋਮਣੀ ਕਮੇਟੀ ਨੇ 24 ਜੁਲਾਈ ਸਵੇਰ ਤੋਂ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਅੱਜ ਇੱਥੇ ਸ਼੍ਰੋਮਣੀ ਕਮੇਟੀ ਦੀ ਇੱਕ ਨੁਕਾਤੀ ਏਜੰਡੇ ’ਤੇ ਸੱਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਵਿੱਚ ਕੀਤਾ ਗਿਆ।
ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖੁਲਾਸਾ ਕੀਤਾ ਯੂਟਿਊਬ ਚੈਨਲ ਸ਼ੁਰੂ ਲਈ ਸ਼੍ਰੋਮਣੀ ਕਮੇਟੀ ਵੱਲੋਂ ਤਿੰਨ ਮਹੀਨੇ ਵਾਸਤੇ ਨਿੱਜੀ ਕੰਪਨੀ ਦੀਆਂ ਸੇਵਾਵਾਂ ਕਿਰਾਏ ’ਤੇ ਲਈਆਂ ਗਈਆਂ ਹਨ। ਕੀਰਤਨ ਪ੍ਰਸਾਰਨ ਦੇ ਸਾਰੇ ਹੱਕ ਸ਼੍ਰੋਮਣੀ ਕਮੇਟੀ ਕੋਲ ਹੋਣਗੇ। ਕਮੇਟੀ ਵੱਲੋਂ ਜਲਦੀ ਹੀ ਆਪਣਾ ਸੈਟੇਲਾਈਟ ਚੈਨਲ ਵੀ ਸ਼ੁਰੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਤੇ ਇਸ ਬਾਰੇ ਕਮੇਟੀ ਦਾ ਵਫਦ ਜਲਦੀ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਮਿਲੇਗਾ। ਅਪਣਾ ਨਿੱਜੀ ਸੈਟੇਲਾਈਟ ਚੈਨਲ ਸ਼ੁਰੂ ਕਰਨ ਬਾਰੇ ਲੋੜੀਂਦੀ ਪ੍ਰਕਿਰਿਆ ਵੀ ਅਰੰਭ ਕਰ ਦਿੱਤੀ ਜਾਵੇਗੀ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸਬ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਪਹਿਲਾਂ ਵਾਲੀ ਸਬ ਕਮੇਟੀ ਦੇ ਮੈਂਬਰ ਵੀ ਸ਼ਾਮਲ ਹਨ ਅਤੇ ਕੁਝ ਮਾਹਿਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਕਮੇਟੀ ਦੀ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਮੈਂਬਰ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਵੀ ਦਿੱਤੀ ਗਈ ਹੈ। ਪ੍ਰਧਾਨ ਨੇ ਆਖਿਆ ਕਿ ਇਹ ਸਮੁੱਚੀ ਕਾਰਵਾਈ ਅਕਾਲ ਤਖ਼ਤ ਦੇ ਦਿਸ਼ਾ ਨਿਰਦੇਸ਼ ਮੁਤਾਬਿਕ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਯੂਟਿਊਬ ਚੈਨਲ ਦਾ ਨਾਮ ਸ੍ਰੀ ਹਰਿਮੰਦਰ ਸਾਹਬਿ ਅੰਮ੍ਰਿਤਸਰ ਹੋਵੇਗਾ, ਜਿਸ ਤੋਂ ਸਵੇਰੇ ਅਤੇ ਸ਼ਾਮ ਵੇਲੇ ਕੀਰਤਨ ਦਾ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ।