ਹੜ੍ਹ – ਘੱਗਰ ਨਦੀ ‘ਚ ਕਾਰ ਡਿੱਗਣ ਨਾਲ ਨੌਜਵਾਨ ਦੀ ਹੋਈ ਮੌਤ, ਵਿਦੇਸ਼ ਜਾਣ ਲਈ ਦਸਤਾਵੇਜ਼ ਜਮ੍ਹਾਂ ਕਰਵਾਉਣ ਗਿਆ ਸੀ ਮ੍ਰਿਤਕ
News Punjab Bureau
ਅੰਬਾਲਾ ‘ਚ ਘੱਗਰ ਨਦੀ ‘ਚ ਰੁੜ੍ਹ ਜਾਣ ਕਾਰਨ ਸਿਰਸਾ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਸੁਸ਼ੀਲ (24) ਅਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਸਿਰਸਾ ਵਿਚ ਪੜ੍ਹਦਾ ਸੀ। ਉਸਨੇ ਆਈਲੈਟਸ ਕੀਤਾ ਹੋਇਆ ਸੀ। ਉਹ ਪਿੰਡ ਦੇ ਰਵੀਕਾਂਤ ਅਤੇ ਸੌਰਭ ਦੇ ਨਾਲ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਚੰਡੀਗੜ੍ਹ ਜਾ ਰਿਹਾ ਸੀ। ਬੁੱਧਵਾਰ ਨੂੰ ਉਨ੍ਹਾਂ ਦੀ ਦੇਹ ਨੂੰ ਪਿੰਡ ਲਿਆਂਦਾ ਗਿਆ ਅਤੇ ਅੰਤਿਮ ਸਸਕਾਰ ਕਰ ਦਿਤਾ ਗਿਆ। ਸੁਸ਼ੀਲ, ਰਵੀਕਾਂਤ ਅਤੇ ਸੌਰਭ ਚੋਪਟਾ ਦੇ ਰਾਮਪੁਰਾ ਢਿੱਲੋਂ ਦੇ ਰਹਿਣ ਵਾਲੇ ਹਨ।ਮ੍ਰਿਤਕ ਦੇ ਚਾਚਾ ਰਾਜੇਸ਼ ਕੁਮਾਰ ਨੇ ਦਸਿਆ ਕਿ ਸੁਸ਼ੀਲ ਵਿਦੇਸ਼ ਜਾਣਾ ਚਾਹੁੰਦਾ ਸੀ। ਇਸ ਲਈ ਉਹ 10 ਜੁਲਾਈ ਨੂੰ ਅਪਣੇ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਚੰਡੀਗੜ੍ਹ ਗਿਆ ਸੀ। ਅੰਬਾਲਾ ਦੇ ਲੋਹਗੜ੍ਹ ਨੇੜੇ ਚੰਡੀਗੜ੍ਹ ਹਿਸਾਰ ਰੋਡ ‘ਤੇ ਐਚਪੀ ਪੰਪ ਨੇੜੇ ਘੱਗਰ ਨਦੀ ਦੇ ਪਾਣੀ ‘ਚ ਉਸ ਦੀ ਕਾਰ ਵਹਿ ਗਈ। ਰਵਿਕਾਂਤ ਗੱਡੀ ਚਲਾ ਰਿਹਾ ਸੀ, ਜਦਕਿ ਸੁਸ਼ੀਲ ਅਗਲੀ ਸੀਟ ‘ਤੇ ਬੈਠਾ ਸੀ। ਸੌਰਭ ਅਤੇ ਰਵਿਕਾਂਤ ਬਚ ਗਏ ਪਰ ਸੁਸ਼ੀਲ ਦੀ ਪਾਣੀ ‘ਚ ਡੁੱਬਣ ਕਾਰਨ ਮੌਤ ਹੋ ਗਈ। ਇਸ ਸਮੇਂ ਸਿਰਸਾ ਵਿਚ 9 ਹਜ਼ਾਰ ਕਿਊਸਿਕ ਪਾਣੀ ਵਗ ਰਿਹਾ ਹੈ, ਜਦੋਂ ਕਿ ਗੂਹਲਾ ਚੀਕਾ ਵਿਚ 65 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਹੈ। ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਾਮ ਤੱਕ ਪਾਣੀ 15 ਹਜ਼ਾਰ ਕਿਊਸਿਕ ਤੱਕ ਪਹੁੰਚ ਸਕਦਾ ਹੈ। ਓਟੂ ਹੈੱਡ ਦੀ ਸਮਰੱਥਾ ਕਰੀਬ 20 ਹਜ਼ਾਰ ਕਿਊਸਿਕ ਹੈ।