ਵਿਜੀਲੈਂਸ ਵੱਲੋਂ 30 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਡੀ.ਆਰ.ਓ. ਦਫ਼ਤਰ, ਲੁਧਿਆਣਾ ਦੇ ਦੋ ਮੁਲਾਜ਼ਮਾਂ ਸਮੇਤ ਚਾਰ ਗ੍ਰਿਫ਼ਤਾਰ

ਨਿਊਜ਼ ਪੰਜਾਬ

ਚੰਡੀਗੜ੍ਹ, 10 ਜੁਲਾਈ:

ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ.) ਵੱਲੋਂ ਐਕੁਆਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਜਾਰੀ ਕਰਵਾਉਣ ਬਦਲੇ ਇੱਕ ਐਨ.ਆਰ.ਆਈ. ਤੋਂ 30,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਡੀ.ਆਰ.ਓ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਦੋ ਮੁਲਾਜ਼ਮਾਂ ਅਤੇ ਦੋ ਪ੍ਰਾਈਵੇਟ ਵਿਅਕਤੀਆਂ ਸਮੇਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਪਟਵਾਰੀ ਰਾਮ ਸਿੰਘ ਅਤੇ ਕਲਰਕ ਨਰੇਸ਼ ਕੁਮਾਰ, ਜੋ ਡੀ.ਆਰ.ਓ. ਦਫ਼ਤਰ ਲੁਧਿਆਣਾ ਵਿਖੇ ਤਾਇਨਾਤ ਹਨ ਅਤੇ ਸੀ.ਈ.ਆਈ.ਜੀ.ਏ.ਐਲ.ਐਲ. ਇੰਡੀਆ ਲਿਮਟਿਡ ਦੇ ਦੋ ਕਰਮਚਾਰੀਆਂ ਲਾਇਜ਼ਨਿੰਗ ਅਫ਼ਸਰ ਹਰਕੀਰਤ ਸਿੰਘ ਬੇਦੀ ਅਤੇ ਤਹਿੰਦਰ ਸਿੰਘ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਸੀ.ਈ.ਆਈ.ਜੀ.ਏ.ਐਲ.ਐਲ. ਇੰਡੀਆ ਲਿਮਟਿਡ ਦਾ ਐਨ.ਐਚ.ਏ.ਆਈ. ਨਾਲ ਕੰਮਕਾਜ ਸਬੰਧੀ ਸਮਝੌਤਾ ਹੋਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਐਨ.ਆਰ.ਆਈ. ਯਾਦਵਿੰਦਰ ਸਿੰਘ ਵਾਸੀ ਘਵੱਦੀ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਥਾਣਾ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ 6 ਕਨਾਲਾਂ ਖੇਤੀਬਾੜੀ ਵਾਲੀ ਜ਼ਮੀਨ ਦਿੱਲੀ-ਕਟੜਾ ਐਕਸਪ੍ਰੈਸ ਹਾਈਵੇਅ ਲਈ ਐਕੁਆਇਰ ਕੀਤੀ ਗਈ ਹੈ, ਜਿਸ ਦਾ 49 ਲੱਖ ਰੁਪਏ ਮੁਆਵਜ਼ਾ ਬਣਦਾ ਹੈ। ਉਸ ਵੱਲੋਂ ਮੁਆਵਜ਼ੇ ਸਬੰਧੀ ਫਾਈਲ 22 ਮਈ, 2023 ਨੂੰ ਡੀ.ਆਰ.ਓ. ਲੁਧਿਆਣਾ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਈ ਗਈ ਸੀ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਐਨ.ਐਚ.ਏ.ਆਈ. ਨੇ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਬੁਰਜੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਦੋਂ ਉਸ ਨੇ ਇਤਰਾਜ਼ ਕਰਦਿਆਂ ਪਹਿਲਾਂ ਜ਼ਮੀਨ ਦਾ ਮੁਆਵਜ਼ਾ ਜਾਰੀ ਕਰਨ ਲਈ ਕਿਹਾ ਤਾਂ ਇੱਕ ਜੇ.ਸੀ.ਬੀ. ਡਰਾਈਵਰ ਨੇ ਉਸ ਨੂੰ ਮਹਿੰਦਰ ਦਾ ਨੰਬਰ ਦਿੱਤਾ, ਜਿਸ ਨੇ ਮੁਆਵਜ਼ੇ ਲਈ ਅੱਗੇ ਹਰਕੀਰਤ ਬੇਦੀ ਨਾਲ ਸੰਪਰਕ ਕਰਨ ਲਈ ਕਿਹਾ। ਹਰਕੀਰਤ ਬੇਦੀ ਨੇ ਉਸਨੂੰ ਡੀ.ਆਰ.ਓ. ਦਫ਼ਤਰ ਤੋਂ 2-3 ਦਿਨਾਂ ਅੰਦਰ ਮੁਆਵਜ਼ਾ ਜਾਰੀ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਸ ਨੂੰ 40,000 ਰੁਪਏ ਦੇਣੇ ਪੈਣਗੇ ਜਿਸ ਉਪਰੰਤ ਸੌਦਾ 30,000 ਰੁਪਏ ਵਿੱਚ ਤੈਅ ਹੋਇਆ।

ਬੁਲਾਰੇ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਟਰੈਪ ਲਗਾ ਕੇ ਸਾਹਨੇਵਾਲ ਨੇੜੇ ਇੱਕ ਢਾਬੇ ਵਿਖੇ ਹਰਕੀਰਤ ਸਿੰਘ ਬੇਦੀ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 30,000 ਰੁਪਏ ਰਿਸ਼ਵਤ ਲੈਂਦਿਆਂ ਮੌਕੇ ‘ਤੇ ਕਾਬੂ ਕਰ ਲਿਆ। ਵਿਜੀਲੈਂਸ ਨੇ ਮੁਲਜ਼ਮ ਦੇ ਨਾਲ ਆਏ ਤਹਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

ਮੁਲਜ਼ਮ ਹਰਕੀਰਤ ਬੇਦੀ ਦੇ ਖੁਲਾਸੇ ‘ਤੇ ਵਿਜੀਲੈਂਸ ਨੇ ਪਟਵਾਰੀ ਰਾਮ ਸਿੰਘ ਅਤੇ ਕਲਰਕ ਨਰੇਸ਼ ਕੁਮਾਰ ਨੂੰ ਵੀ ਫਾਈਲ ਕਲੀਅਰ ਕਰਵਾਉਣ ਬਦਲੇ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਮਿਲੀਭੁਗਤ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਫਾਈਲ ਕਲੀਅਰ ਕਰਨ ਲਈ ਦੋਵਾਂ ਮੁਲਜ਼ਮਾਂ ਨੇ ਹਰਕੀਰਤ ਬੇਦੀ ਤੋਂ 10-10 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ। ਜ਼ਿਕਰਯੋਗ ਹੈ ਕਿ ਰਾਮ ਸਿੰਘ ਪਟਵਾਰੀ 2020 ਵਿੱਚ ਸੇਵਾਮੁਕਤ ਹੋ ਗਿਆ ਸੀ ਅਤੇ ਡੀ.ਆਰ.ਓ. ਦਫ਼ਤਰ ਵਿਖੇ 2020 ਤੋਂ ਕੰਟਰੈਕਟ ‘ਤੇ ਨੌਕਰੀ ਕਰ ਰਿਹਾ ਹੈ।

ਇਸ ਸਬੰਧੀ ਥਾਣਾ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।