Wrestling Championship 2019 : 24 ਸਾਲ ਬਾਅਦ ਪੰਜਾਬ ‘ਚ ਹੋਵੇਗੀ ਕੌਮੀ ਕੁਸ਼ਤੀ ਚੈਂਪੀਅਨਸ਼ਿਪ

 ਜਲੰਧਰ : ਐੱਮਐੱਸ ਭੁੱਲਰ ਇਨਡੋਰ ਸਟੇਡੀਅਮ, ਪੀਏਪੀ ਜਲੰਧਰ ਵਿਖੇ 29 ਤੋਂ ਪਹਿਲੀ ਦਸੰਬਰ ਨੂੰ ਹੋ ਰਹੀ ਨੈਸ਼ਨਲ ਕੁਸ਼ਤੀ ਚੈਂਪਿਅਨਸਿਪ ਲਈ ਗੁਜਰਾਤ, ਪੱਛਮੀ ਬੰਗਾਲ, ਤੇਲੰਗਾਨਾ, ਨਾਗਾਲੈਂਡ, ਮਿਜ਼ੋਰਮ ਤੇ ਸਰਵਿਸਿਜ਼ ਦੀਆਂ ਕੁਸ਼ਤੀ ਟੀਮਾਂ ਜਲੰਧਰ ਆ ਰਹੀਆਂ ਹਨ। 28 ਨਵੰਬਰ ਤਕ ਤਕਰੀਬਨ ਸਾਰੀਆਂ ਟੀਮਾਂ ਇੱਥੇ ਪੁੱਜ ਜਾਣਗੀਆਂ। 24 ਸਾਲ ਬਾਅਦ ਪੰਜਾਬ ਵਿਚ ਹੋਣ ਵਾਲੀ ਇਸ ਚੈਂਪੀਅਨਸ਼ਿਪ ਲਈ ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਹ ਜਾਣਕਾਰੀ ਦਿੰਦਿਆਂ ਪੰਜਾਬ ਕੁਸ਼ਤੀ ਸੰਸਥਾ ਦੇ ਪ੍ਰਧਾਨ ਪਦਮਸ੍ਰੀ ਕਰਤਾਰ ਸਿੰਘ ਨੇ ਦੱਸਿਆ ਇਹ ਚੈਂਪਿਅਨਸ਼ਿਪ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਹੈ। ਇਸ ਚੈਂਪੀਅਨਸ਼ਿਪ ਵਿਚ 1400 ਦੇ ਕਰੀਬ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਉੱਚ ਕੋਟੀ ਦੇ ਭਲਵਾਨ ਹਿੱਸਾ ਲੈ ਰਹੇ ਹਨ ਜਿਨ੍ਹਾਂ ਵਿਚ ਦੀਪਕ, ਰਵੀ ਕੁਮਾਰ, ਰਾਹੁਲ ਅਵਾਰੇ, ਮੌਸਮ ਖੱਤਰੀ, ਕਿ੍ਸ਼ਨ, ਸੁਮੀਤ, ਰੇਲਵੇ ਅਤੇ ਪੰਜਾਬ ਦੇ ਹਰਪ੍ਰਰੀਤ, ਗੁਰਪ੍ਰੀਤ, ਪਿ੍ਰਤਪਾਲ, ਧਰਮਿੰਦਰ ਤੋਂ ਇਲਾਵਾ ਮਹਿਲਾ ਭਲਵਾਨਾਂ ਵਿਚ ਓਲੰਪੀਅਨ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ, ਪੂਜਾ ਢਾਂਡਾ ਅਤੇ ਪੰਜਾਬ ਦੀਆਂ ਖਿਡਾਰਨਾਂ ਗੁਰਸ਼ਰਨਪ੍ਰਰੀਤ ਕੌਰ, ਨਵਜੋਤ ਕੌਰ ਸ਼ਾਮਿਲ ਹਨ। ਇਸ ਚੈਂਪੀਅਨਸ਼ਿਪ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਾਸਤੇ ਮਾਣਯੋਗ ਇਕਬਾਲਪ੍ਰੀਤ ਸਿੰਘ ਸਹੋਤਾ (ਆਈਪੀਐੱਸ) ਸਪੈਸ਼ਲ ਡੀਜੀਪੀ ਆਰਮਡ ਬਟਾਲੀਅਨਜ਼, ਪ੍ਰਬੰਧਕੀ ਕਮੇਟੀ ਦੇ ਚੈਅਰਮੈਨ ਹਨ ਅਤੇ ਉਨ੍ਹਾਂ ਦੇ ਸਹਿਯੋਗ ਅਤੇ ਸੁਚੱਜੀ ਰਹਿਨੁਮਾਈ ਹੇਠ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ ਹਰ ਪ੍ਰਕਾਰ ਦੇ ਪੂਰੇ ਇੰਤਜ਼ਾਮ ਵੱਖ-ਵੱਖ ਕਮੇਟੀਆਂ ਵੱਲੋਂ ਪੂਰੇ ਕਰ ਲਏ ਗਏ ਹਨ। ਇਹ ਕੁਸ਼ਤੀ ਮੁਕਾਬਲੇ ਚਾਰ ਗੱਦਿਆਂ ‘ਤੇ ਕਰਵਾਏੇ ਜਾਣਗੇ ਅਤੇ ਹਰ ਇਕ ਗੱਦੇ ‘ਤੇ ਦੋ-ਦੋ ਇਲੈਕਟ੍ਰਾਨਿਕ ਸਕੋਰ ਬੋਰਡ ਚਲਾਏ ਜਾਣਗੇ। ਦਰਸ਼ਕਾਂ ਦੇ ਬੈਠਣ ਲਈ ਪ੍ਰਬੰਧਕਾਂ ਵੱਲੋਂ ਪੂਰਾ ਇੰਤਜ਼ਾਮ ਕੀਤਾ ਗਿਆ ਹੈ।