ਕਪੂਰਥਲਾ ਹਸਪਤਾਲ ‘ਚ ਗੋਲ਼ੀਆਂ ਚਲਾ ਕੇ ਗੈਂਗਸਟਰ ਭੇਜਾ ਭਜਾਉਣ ਵਾਲੇ ਦੋ ਗਿ੍ਫ਼ਤਾਰ
ਅੰਮਿ੍ਤਸਰ : ਕਪੂਰਥਲਾ ਤੋਂ 7 ਮਈ 2019 ਨੂੰ ਪੁਲਿਸ ਹਿਰਾਸਤ ‘ਚੋਂ ਗੈਂਗਸਟਰ ਗੁਰਭੇਜ ਸਿੰਘ ਭੇਜਾ ਨੂੰ ਭਜਾਉਣ ਵਾਲੇ ਉਨ੍ਹਾਂ ਦੇ ਦੋ ਸਾਥੀਆਂ ਨੂੰ ਸੀਆਈਏ ਸਟਾਫ ਨੇ ਗਿ੍ਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਨਾਮ ਭਰਤ ਚੌਹਾਨ ਵਾਸੀ ਅਵਤਾਰ ਐਵੀਨਿਊ ਤੇ ਅਕਾਸ਼ਦੀਪ ਸਿੰਘ ਵਾਸੀ ਸੁਲਤਾਨਵਿੰਡ ਰੋਡ ਹਨ।
ਮੁਲਜ਼ਮਾਂ ਕੋਲੋਂ ਇਕ ਪਿਸਟਲ, 6 ਕਾਰਤੂਸ, ਇਕ ਮੈਗਜ਼ੀਨ ਤੇ ਮੋਟਰਸਾਈਕਲ ਬਰਾਮਦ ਹੋਇਆ ਹੈ। ਇਸ ਮਾਮਲੇ ‘ਚ ਪੁਲਿਸ ਪਹਿਲਾਂ ਵੀ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਹੈ। ਇਹ ਦੋਵੇਂ ਲਗਾਤਾਰ ਫ਼ਰਾਰ ਚੱਲ ਰਹੇ ਸਨ ਤੇ ਦੋਵੇਂ ਪਹਿਲਾਂ ਤੋਂ ਹੀ ਕਈ ਵਾਰਦਾਤਾਂ ‘ਚ ਲੋੜੀਂਦੇ ਸਨ।
ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਬਾਰੇ ਸੂਚਨਾ ਮਿਲੀ ਸੀ ਕਿ ਇਹ ਸ਼ਹਿਰ ‘ਚ ਘੁੰਮ ਰਹੇ ਹਨ ਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਹਨ। ਇਸੇ ਤਹਿਤ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਦੀ ਅਗਵਾਈ ‘ਚ ਟੀਮ ਨੇ ਟਰੈਪ ਲਗਾਇਆ।
ਦੋਵੇਂ ਹੀ ਮੁਲਜ਼ਮ ਬਿਨਾਂ ਨੰਬਰ ਵਾਲੀ ਬਾਈਕ ‘ਤੇ ਸਨ। ਟੀਮ ਨੇ ਜਦੋਂ ਇਨ੍ਹਾਂ ਨੂੰ ਘੇਰਾ ਪਾਇਆ ਤਾਂ ਦੋਵੇਂ ਬਾਈਕ ਸਮੇਤ ਦੌੜ ਗਏ ਪਰ ਮਜੀਠਾ ਰੋਡ ਪੁੱਜਣ ‘ਤੇ ਦੋਵਾਂ ਨੂੰ ਕਾਬੂ ਕਰ ਲਿਆ ਗਿਆ। ਦੋਵਾਂ ਕੋਲੋਂ ਮੌਕੇ ‘ਤੇ ਹੀ ਰਿਵਾਲਵਰ ਤੇ ਕਾਰਤੂਸ ਬਰਾਮਦ ਕੀਤੇ ਗਏ। ਇਨ੍ਹਾਂ ਦੋਵਾਂ ਨੇ ਗੈਂਗਸਟਰ ਭੇਜਾ ਨਾਲ ਮਿਲ ਕੇ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਦੋਵਾਂ ਨੂੰ ਗਿ੍ਫ਼ਤਾਰ ਕਰਕੇ ਰਿਮਾਂਡ ਲਿਆ ਗਿਆ ਹੈ ਤਾਂ ਜੋ ਇਨ੍ਹਾਂ ਦੇ ਹੋਰ ਮੈਂਬਰਾਂ ਦਾ ਵੀ ਪਤਾ ਲਗਾਇਆ ਜਾ ਸਕੇ।
ਇਹ ਸੀ ਮਾਮਲਾ
ਇਸੇ ਸਾਲ 7 ਮਈ ਨੂੰ ਗੈਂਗਸਟਰ ਗੁਰਭੇਜ ਸਿੰਘ ਭੇਜਾ ਨੂੰ ਕਪੂਰਥਲਾ ਮਾਰਡਨ ਜੇਲ੍ਹ ‘ਚੋਂ ਸਿਵਲ ਹਸਪਤਾਲ ਜਾਂਚ ਕਰਨ ਲਈ ਲਿਆਂਦਾ ਗਿਆ ਸੀ। ਜਿਵੇਂ ਹੀ ਭੇਜਾ ਨੂੰ ਗੱਡੀ ਦੇ ਬਾਹਰ ਕੱਢਿਆ ਗਿਆ ਤਾਂ ਗੈਂਗਸਟਰਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਭੇਜਾ ਨੂੰ ਛੁਡਵਾ ਕੇ ਲੈ ਗਏ।
ਹਾਲਾਂਕਿ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਤੇ ਮੌਕੇ ‘ਤੇ ਹੀ ਦੋ ਮੁਲਜ਼ਮ ਕਾਬੂ ਕਰ ਲਏ ਗਏ ਸਨ। ਉਨ੍ਹਾਂ ਦੋਵਾਂ ਕੋਲੋਂ ਪੁਲਿਸ ਨੂੰ 32 ਬੋਰ ਦਾ ਦੇਸੀ ਕੱਟਾ, 15 ਕਾਰਤੂਸ, ਪੰਜ ਖੋਲ੍ਹ, ਤਿੰਨ ਮੋਬਾਈਲ ਸਮੇਤ ਬਾਈਕ ਬਰਾਮਦ ਕੀਤੀ ਗਈ ਸੀ। ਕਾਬੂ ਕੀਤੇ ਗਏ ਮੁਲਜ਼ਮਾਂ ਕੋਲੋਂ ਪੁੱਛ-ਪੜਤਾਲ ਤੋਂ ਬਾਅਦ ਬਾਕੀਆਂ ਬਾਰੇ ਪਤਾ ਲੱਗਾ ਸੀ।