ਗੁਰਦੁਆਰਾ ਹੇਮਕੁੰਟ ਸਾਹਿਬ ਤੋਂ ਪਰਤ ਰਹੇ ਛੇ ਯਾਤਰੂ ਬਰਫ਼ ਵਿੱਚ ਫਸੇ – ਪੰਜ ਯਾਤਰੂ ਬਚਾਏ – ਇੱਕ ਯਾਤਰੂ ਦੀ ਭਾਲ ਜਾਰੀ – ਅਟਲਕੋਟੀ ਵਿਖੇ ਗਲੇਸ਼ੀਅਰ ਟੁੱਟਣ ਕਾਰਨ ਵਾਪਰੀ ਘਟਨਾ – ਢਿੱਗਾਂ ਡਿੱਗਣ ਕਾਰਨ ਯਾਤਰਾ ਰੋਕੀ
ਸੂਚਨਾ ਅਨੁਸਾਰ ਹੇਮਕੁੰਟ ਸਾਹਿਬ ਯਾਤਰਾ ਮਾਰਗ ‘ਤੇ ਅਟਲਕੋਟੀ ਗਲੇਸ਼ੀਅਰ ਪੁਆਇੰਟ ਨੇੜੇ ਢਿੱਗਾਂ ਡਿੱਗਣ ਕਾਰਨ ਬਰਫ ‘ਚ ਦੱਬੀ ਔਰਤ ਯਾਤਰੂ ਦੀ ਭਾਲ ਲਈ ਅੱਜ ਫਿਰ ਤੋਂ ਬਚਾਅ ਮੁਹਿੰਮ ਆਰੰਭ ਕੀਤੀ ਗਈ ਹੈ । ਇਸ ਦੇ ਨਾਲ ਹੀ ਯਾਤਰਾ ਮਾਰਗ ‘ਤੇ ਭਾਰੀ ਬਰਫਬਾਰੀ ਕਾਰਨ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਯਾਤਰਾ ਵੀ ਰੋਕ ਦਿੱਤੀ ਗਈ ਹੈ।
ਗੁਰਦਵਾਰਾ ਸ਼੍ਰੀ ਹੇਮਕੁੰਟ ਸਾਹਿਬ ਤੋਂ ਕਲ ਐਤਵਾਰ ਸ਼ਾਮ 6 ਵਜੇ ਵਾਪਸੀ ਲਈ ਰਵਾਨਾ ਹੋਇਆ ਜੱਥਾ ਜਦੋ ਗੁਰਦਵਾਰਾ ਸਾਹਿਬ ਤੋਂ ਇੱਕ ਕਿਲੋਮੀਟਰ ਦੂਰ ਅਟਲਕੋਟੀ ਵਿਖੇ ਪੁੱਜਾ ਤਾ ਗਲੇਸ਼ੀਅਰ ਟੁੱਟਣ ਕਾਰਨ 6 ਮੈਂਬਰਾਂ ਦਾ ਗਰੁੱਪ ਬਰਫ਼ ਵਿੱਚ ਫੱਸ ਗਿਆ , ਸਥਾਨਕ ਪੁਲਿਸ ਅਤੇ ਹੋਰ ਬਚਾਅ ਯੂਨਿਟਾਂ ਨੇ ਬਚਾਅ ਕਾਰਜ ਆਰੰਭ ਕੀਤੇ। SDRF ਦੇ ਜਵਾਨਾਂ ਨੇ ਮੌਕੇ ‘ਤੇ ਪਹੁੰਚ ਕੇ ਪੰਜ ਸ਼ਰਧਾਲੂਆਂ ਨੂੰ ਬਰਫ ‘ਚੋਂ ਬਾਹਰ ਕੱਢਿਆ। ਪ੍ਰਾਪਤ ਸੂਚਨਾ ਅਨੁਸਾਰ ਅੰਮ੍ਰਿਤਸਰ ਦੀ ਰਹਿਣ ਵਾਲੀ 37 ਸਾਲਾ ਕਮਲਜੀਤ ਕੌਰ ਦੀ ਭਾਲ ਕੀਤੀ ਜਾ ਰਹੀ ਹੈ , ਉੱਤਰਾਖੰਡ ਪੁਲਿਸ ਨਾਲ ‘ਨਿਊਜ਼ ਪੰਜਾਬ’ ਵਲੋਂ ਫੋਨ ਰਾਹੀਂ ਸੰਪਰਕ ਕਰਨ ਤੇ ਦੱਸਿਆ ਕਿ ਸੋਮਵਾਰ ਸਵੇਰ ਤੋਂ ਲਾਪਤਾ ਯਾਤਰੂ ਦੀ ਭਾਲ ਕੀਤੀ ਜਾ ਰਹੀ ਹੈ। ਬਚਾਏ ਗਏ ਸ਼ਰਧਾਲੂਆਂ ਵਿੱਚ ਜਸਪ੍ਰੀਤ ਸਿੰਘ, ਮਨਸੀਰਤ ਕੌਰ, ਪੁਸ਼ਪਪ੍ਰੀਤ ਕੌਰ, ਮਨਪ੍ਰੀਤ ਕੌਰ ਅਤੇ ਰਵਨੀਤ ਸਿੰਘ ਸ਼ਾਮਲ ਹਨ। ਸਾਰੇ ਪੰਜ ਸ਼ਰਧਾਲੂਆਂ ਨੂੰ ਘੰਗਰੀਆ ਗੁਰਦੁਆਰੇ ਲਿਆਂਦਾ ਗਿਆ।
ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰੇ ਤੋਂ ਮਹਿਜ਼ ਇੱਕ ਕਿਲੋਮੀਟਰ ਪਹਿਲਾਂ ਅਟਲਕੋਟੀ ਵਿਖੇ ਗਲੇਸ਼ੀਅਰ ਟੁੱਟਣ ਕਾਰਨ ਕੁਝ ਸ਼ਰਧਾਲੂਆਂ ਦੇ ਫਸੇ ਹੋਣ ਦੀ ਸੂਚਨਾ ‘ਤੇ ਸਥਾਨਕ ਪੁਲਿਸ ਅਤੇ ਹੋਰ ਬਚਾਅ ਯੂਨਿਟਾਂ ਦੇ ਨਾਲ ਸੰਵੇਦਨਸ਼ੀਲ ਥਾਵਾਂ (ਘੰਗੜੀਆ ਅਤੇ ਹੇਮਕੁੰਟ ਸਾਹਿਬ) ‘ਤੇ ਪਹਿਲਾਂ ਤੋਂ ਤਾਇਨਾਤ #SDRF ਟੀਮਾਂ ਵੱਲੋਂ ਸਾਂਝੇ ਬਚਾਅ ਕਾਰਜ ਆਪਰੇਸ਼ਨ ਚਲਾਉਂਦੇ ਹੋਏ 05 ਸ਼ਰਧਾਲੂਆਂ (03 ਔਰਤਾਂ ਅਤੇ 02 ਪੁਰਸ਼) ਨੂੰ ਸੁਰੱਖਿਅਤ ਬਚਾ ਲਿਆ ਗਿਆ ਅਤੇ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ ਗਿਆ ਅਤੇ ਇਕ ਔਰਤ ਸ਼ਰਧਾਲੂ ਦੀ ਭਾਲ ਅਜੇ ਵੀ ਜਾਰੀ ਹੈ।
SDRF Uttarakhand Police
ਤਸਵੀਰਾਂ – SDRF ਟਵੀਟਰ