ਗੁਰਦੁਆਰਾ ਹੇਮਕੁੰਟ ਸਾਹਿਬ ਮਾਰਗ ‘ਤੇ ਗਲੇਸ਼ੀਅਰ ਡਿੱਗਣ ਨਾਲ ਛੇ ਯਾਤਰੂ ਬਰਫ਼ ਵਿੱਚ ਫਸੇ – SDRF ਦੇ ਜਵਾਨਾਂ ਨੇ ਮੌਕੇ ‘ਤੇ ਪਹੁੰਚ ਕੇ ਪੰਜ ਸ਼ਰਧਾਲੂਆਂ ਨੂੰ ਬਰਫ ‘ਚੋਂ ਕੱਢਿਆ – ਇੱਕ ਦੀ ਭਾਲ ਜਾਰੀ
ਹੇਮਕੁੰਟ ਸਾਹਿਬ ਮਾਰਗ ‘ਤੇ ਅਟਲਕੁੜੀ ਗਲੇਸ਼ੀਅਰ ਪੁਆਇੰਟ ਨੇੜੇ ਐਤਵਾਰ ਸ਼ਾਮ 6 ਵਜੇ ਬਰਫ ‘ਚ ਫਸੀ ਇਕ ਮਹਿਲਾ ਸ਼ਰਧਾਲੂ ਲਾਪਤਾ ਹੋ ਗਈ। SDRF ਨੇ ਮਹਿਲਾ ਦੇ ਪਤੀ ਸਮੇਤ ਪੰਜ ਸ਼ਰਧਾਲੂਆਂ ਨੂੰ ਬਚਾਇਆ ਹੈ। ਬਰਫ਼ ਖਿਸਕਣ ਕਾਰਨ ਹੇਮਕੁੰਟ ਸਾਹਿਬ ਨੂੰ ਜਾਣ ਵਾਲਾ ਰਸਤਾ ਵੀ ਬੰਦ ਹੋ ਗਿਆ ਹੈ।
ਹਰ ਰੋਜ਼ ਸ਼ਰਧਾਲੂ ਯਾਤਰਾ ਦੇ ਆਧਾਰ ਕੈਂਪ ਘੰਗੜੀਆ ਤੋਂ ਛੇ ਕਿਲੋਮੀਟਰ ਪੈਦਲ ਚੱਲ ਕੇ ਹੇਮਕੁੰਟ ਸਾਹਿਬ ਪਹੁੰਚਦੇ ਹਨ। ਹੇਮਕੁੰਟ ਸਰੋਵਰ ਵਿਚ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਪਰਤਦੇ ਹਨ। ਐਤਵਾਰ ਨੂੰ ਆਖਰੀ ਜੱਥੇ ਦੇ ਛੇ ਸ਼ਰਧਾਲੂ ਸਮੇਂ ਸਿਰ ਹੇਮਕੁੰਟ ਸਾਹਿਬ ਤੋਂ ਰਵਾਨਾ ਹੋ ਗਏ ਸਨ ਪਰ ਬਹੁਤ ਥਕਾਵਟ ਕਾਰਨ ਸ਼ਾਮ 6 ਵਜੇ ਹੀ ਅਟਲਾਕੁਡੀ ਪਹੁੰਚੇ। ਜਦੋਂ ਸ਼ਰਧਾਲੂ ਗਲੇਸ਼ੀਅਰ ਪੁਆਇੰਟ ਤੋਂ ਲੰਘ ਰਹੇ ਸਨ ਤਾਂ ਰਸਤੇ ਵਿੱਚ ਅਚਾਨਕ ਬਰਫ਼ ਖਿਸਕ ਗਈ। ਜਿਸ ਕਾਰਨ ਸ਼ਰਧਾਲੂ ਬਰਫ ਦੇ ਵਿਚਕਾਰ ਫਸ ਗਏ।
SDRF ਦੇ ਜਵਾਨਾਂ ਨੇ ਮੌਕੇ ‘ਤੇ ਪਹੁੰਚ ਕੇ ਪੰਜ ਸ਼ਰਧਾਲੂਆਂ ਨੂੰ ਬਰਫ ‘ਚੋਂ ਬਾਹਰ ਕੱਢਿਆ। ਜਦਕਿ ਅੰਮ੍ਰਿਤਸਰ ਦੀ ਰਹਿਣ ਵਾਲੀ 37 ਸਾਲਾ ਕਮਲਜੀਤ ਕੌਰ ਦੀ ਭਾਲ ਕੀਤੀ ਜਾ ਰਹੀ ਹੈ ।