ਮੌਸਮ ਦੇ ਸੁਹਾਵਣੇ ਨਜ਼ਾਰੇ ਹੁਣ ਖਤਮ – ਅਗਲੇ ਹਫਤੇ ਤੋਂ ਤਾਪਮਾਨ ਵਧਣਾ ਸ਼ੁਰੂ ਹੋ ਜਾਵੇਗਾ – ਮੌਸਮ ਵਿਭਾਗ ਨੇ ਦਿੱਤਾ ਭਵਿੱਖ ਦੇ ਦਿਨਾਂ ਦੀ ਗਰਮੀ ਦਾ ਵੇਰਵਾ – ਪੜ੍ਹੋ ਕਦੋ ਤੱਕ ਰਹੇਗਾ ਅਸਰ

ਨਿਊਜ਼ ਪੰਜਾਬ

ਵੈਸਟਰਨ ਡਿਸਟਰਬੈਂਸ ਕਾਰਨ ਉੱਤਰੀ ਭਾਰਤ ਵਿੱਚ ਮੀਂਹ ਦਾ ਅਸਰ ਹੁਣ ਖਤਮ ਹੋ ਰਿਹਾ ਹੈ। ਹੁਣ ਅਗਲੇ ਹਫਤੇ ਤੋਂ ਜੇ ਕੋਈ ਵੈਸਟਰਨ ਡਿਸਟਰਬੈਂਸ ਨਾ ਹੋਈ ਤਾਂ ਗਰਮੀ ਨੇ ਆਪਣਾ ਰੁਖ ਦਿਖਾਉਣਾ ਸ਼ੁਰੂ ਕਰ ਦੇਣਾ ਹੈ।

ਉੱਤਰੀ ਭਾਰਤ ਦੇ ਵਧੇਰੇ ਇਲਾਕਿਆਂ ਵਿੱਚ ਹਾਲ ਦੀ ਘੜੀ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ, ਆਮ ਨਾਲੋਂ ਚਾਰ ਡਿਗਰੀ ਘੱਟ ਅਤੇ ਘੱਟੋ-ਘੱਟ ਤਾਪਮਾਨ 22.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ , ਜੋ ਕਿ ਆਮ ਨਾਲੋਂ ਚਾਰ ਡਿਗਰੀ ਘੱਟ ਹੈ।

ਵੱਧ ਤੋਂ ਵੱਧ ਤਾਪਮਾਨ ਵਿੱਚ ਵਾਧੇ ਨਾਲ 9 ਜੂਨ ਨੂੰ ਤਾਪਮਾਨ 42 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਮਈ ਦੇ ਆਖ਼ਰੀ ਹਫ਼ਤੇ ਅਤੇ ਜੂਨ ਦੇ ਸ਼ੁਰੂ ਵਿੱਚ ਮੌਸਮ ਕਾਫ਼ੀ ਸੁਹਾਵਣਾ ਰਿਹਾ। ਪਰ ਹੁਣ ਹੌਲੀ-ਹੌਲੀ ਇਹ ਸੁਹਾਵਣਾ ਦੌਰ ਖਤਮ ਹੋਣ ਵਾਲਾ ਹੈ। ਹੁਣ ਤਾਪਮਾਨ ਵਧਣਾ ਸ਼ੁਰੂ ਹੋ ਜਾਵੇਗਾ।

ਮੌਸਮ ਵਿਭਾਗ ਮੁਤਾਬਕ ਹੁਣ ਤਾਪਮਾਨ ਤਿੰਨ ਤੋਂ ਚਾਰ ਡਿਗਰੀ ਤੱਕ ਵਧਣਾ ਸ਼ੁਰੂ ਹੋ ਜਾਵੇਗਾ।   5 ਜੂਨ ਨੂੰ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ, 7 ਜੂਨ ਨੂੰ 40 ਡਿਗਰੀ ਸੈਲਸੀਅਸ ਅਤੇ 9 ਜੂਨ ਨੂੰ 42 ਡਿਗਰੀ ਸੈਲਸੀਅਸ ਦੇ ਨੇੜੇ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਤਾਪਮਾਨ ਹੋਰ ਵਧੇਗਾ। ਜ਼ਿਆਦਾ ਗਰਮੀ ਤੁਹਾਨੂੰ ਪਰੇਸ਼ਾਨ ਕਰੇਗੀ। ਵਿਭਾਗ ਨੇ ਅਜੇ ਤੱਕ ਮੀਂਹ ਅਤੇ ਹਨੇਰੀ ਦੇ ਸੰਕੇਤ ਨਹੀਂ ਦਿੱਤੇ ਹਨ।

ਵਿਦੇਸ਼ੀ ਤਰਜ਼ ਤੇ ਹੁਣ ਭਾਰਤ ਵਿੱਚ ਵੀ ਖਰਾਬ ਮੌਸਮ ਦੀ ਚਿਤਾਵਨੀ ਅਚਾਨਕ ਟੀ ਵੀ ਅਤੇ ਰੇਡੀਓ ਦੇ ਚਲਦੇ ਪ੍ਰੋਗਰਾਮ ਵਿੱਚ ਹੀ ਆਉਣੀ ਸ਼ੁਰੂ ਹੋ ਜਾਵੇਗੀ I
ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐੱਨ.ਡੀ.ਐੱਮ.ਏ.) ਵੱਲੋਂ ਜਲਦੀ ਹੀ ਖ਼ਰਾਬ ਮੌਸਮ ਸਬੰਧੀ ਚੇਤਾਵਨੀਆਂ ਟੀਵੀ ਅਤੇ ਰੇਡੀਓ ‘ਤੇ ਵੀ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਇਸ ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਬਾਅਦ, ਜੇਕਰ ਤੁਸੀਂ ਟੀਵੀ ਦੇਖ ਰਹੇ ਹੋ, ਤਾਂ ਅਚਾਨਕ ਬ੍ਰੇਕ ਦੀ ਤਰਜ਼ ‘ਤੇ ਖਰਾਬ ਮੌਸਮ ਦੀ ਚੇਤਾਵਨੀ ਟੀਵੀ ਸਕ੍ਰੀਨ ‘ਤੇ ਦਿਖਾਈ ਦੇਵੇਗੀ। ਨਾਲ ਹੀ, ਜੇਕਰ ਤੁਸੀਂ ਰੇਡੀਓ ‘ਤੇ ਕੋਈ ਗਾਣਾ ਸੁਣ ਰਹੇ ਹੋ, ਤਾਂ ਗਾਣੇ ਨੂੰ ਅੱਧ ਵਿਚਕਾਰ ਬੰਦ ਕਰਕੇ ਇੱਕ ਚੇਤਾਵਨੀ ਜਾਰੀ ਕੀਤੀ ਜਾਵੇਗੀ ਤਾਂ ਜੋ ਲੋਕ ਆਪਣੀ ਸੁਰੱਖਿਆ ਲਈ ਕਦਮ ਚੁੱਕ ਸਕਣ।