ਰੇਲ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 288 ਹੋਈ – ਪ੍ਰਧਾਨ ਮੰਤਰੀ ਮੋਦੀ ਨੇ ਉੱਚ ਪੱਧਰੀ ਮੀਟਿੰਗ ਸੱਦੀ – ਪੜ੍ਹੋ ਤਿੰਨ ਟ੍ਰੇਨਾਂ ਦਾ ਹਾਦਸਾ ਕਿਵੇਂ ਵਾਪਰਿਆ
ਓਡੀਸ਼ਾ ‘ਚ ਸ਼ੁੱਕਰਵਾਰ ਸ਼ਾਮ ਨੂੰ ਹੋਏ ਭਿਆਨਕ ਰੇਲ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 288 ਹੋ ਗਈ ਹੈ। ਇਸ ਦੇ ਨਾਲ ਹੀ ਕਰੀਬ 850 ਲੋਕ ਜ਼ਖਮੀ ਹੋਏ ਹਨ।
ਇਸ ਘਟਨਾ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਉੜੀਸਾ ਜਾਣਗੇ। ਇਸ ਤੋਂ ਪਹਿਲਾਂ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵੀ ਮੌਕੇ ‘ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ।ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਬੁਲਾ ਲਈ ਹੈ।
ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਚਾਅ ਅਤੇ ਰਾਹਤ ਕਾਰਜ ਜੰਗੀ ਪੱਧਰ ‘ਤੇ ਚੱਲ ਰਹੇ ਹਨ ਅਤੇ ਬਚਾਅ ਕਾਰਜਾਂ ‘ਚ ਫੌਜ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਕੋਲਕਾਤਾ ਤੋਂ ਫੌਜ ਦੇ ਹੋਰ ਜਵਾਨ ਬੁਲਾਏ ਗਏ ਹਨ।
ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ, “ਓਡੀਸ਼ਾ ਵਿੱਚ ਰੇਲ ਹਾਦਸੇ ਵਿੱਚ ਮਾਰੇ ਗਏ ਹਰੇਕ ਵਿਅਕਤੀ ਦੇ ਵਾਰਸਾਂ ਨੂੰ PMNRF ਵੱਲੋਂ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਿੱਤੀ ਜਾਵੇਗੀ। ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ। ਰੇਲ ਮੰਤਰੀ ਨੇ ਮ੍ਰਿਤਕਾਂ ਲਈ 10 ਲੱਖ ਰੁਪਏ, ਗੰਭੀਰ ਜ਼ਖ਼ਮੀਆਂ ਲਈ 2 ਲੱਖ ਰੁਪਏ ਅਤੇ ਮਾਮੂਲੀ ਜ਼ਖ਼ਮੀਆਂ ਨੂੰ 50,000 ਰੁਪਏ ਦੇਣ ਦਾ ਐਲਾਨ ਕੀਤਾ ਹੈ।
ਕਿਵੇਂ ਵਾਪਰਿਆ ਰੇਲ ਹਾਦਸਾ
ਬੈਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈਸ ਹਾਵੜਾ ਵੱਲ ਜਾ ਰਹੀ ਸੀ। ਇਸ ਦੌਰਾਨ ਸ਼ੁੱਕਰਵਾਰ ਦੇਰ ਸ਼ਾਮ ਇਸ ਰੇਲਗੱਡੀ ਦੇ ਕੁਝ ਡੱਬੇ ਪਟੜੀ ਤੋਂ ਉਤਰ ਗਏ ਅਤੇ ਨਾਲ ਲੱਗਦੇ ਪਟੜੀ ‘ਤੇ ਪਲਟ ਗਏ।
ਸ਼ਾਲੀਮਾਰ-ਚੇਨਈ ਸੈਂਟਰਲ ਕੋਰੋਮੰਡਲ ਐਕਸਪ੍ਰੈਸ ਚੇਨਈ ਵੱਲ ਦੂਜੇ ਟ੍ਰੈਕ ‘ਤੇ ਚੱਲ ਰਹੀ ਸੀ। ਟਰੇਨ ਬੇਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈਸ ਦੇ ਡੱਬਿਆਂ ਨਾਲ ਟਕਰਾ ਗਈ ਜੋ ਪਟੜੀ ‘ਤੇ ਪਲਟ ਗਈ।
ਟੱਕਰ ਤੋਂ ਬਾਅਦ ਕੋਰੋਮੰਡਲ ਐਕਸਪ੍ਰੈਸ ਦੇ ਕੁਝ ਡੱਬੇ ਪਟੜੀ ਤੋਂ ਉਤਰ ਗਏ ਅਤੇ ਅਗਲੇ ਟ੍ਰੈਕ ‘ਤੇ ਇਕ ਮਾਲ ਗੱਡੀ ਦੇ ਡੱਬਿਆਂ ਨਾਲ ਟਕਰਾ ਗਏ।
ਇਹ ਹਾਦਸਾ ਬਾਲਾਸੋਰ ਜ਼ਿਲੇ ਦੇ ਬਹੰਗਾ ਬਾਜ਼ਾਰ ਸਟੇਸ਼ਨ ‘ਤੇ ਹੋਇਆ ਦੱਸਿਆ ਜਾਂਦਾ ਹੈ, ਜੋ ਕੋਲਕਾਤਾ ਤੋਂ 250 ਕਿਲੋਮੀਟਰ ਦੱਖਣ ਅਤੇ ਭੁਵਨੇਸ਼ਵਰ ਤੋਂ 170 ਕਿਲੋਮੀਟਰ ਉੱਤਰ ਵਿਚ ਸਥਿਤ ਹੈ।
ਅਧਿਕਾਰੀਆਂ ਮੁਤਾਬਕ ਬੇਂਗਲੁਰੂ-ਹਾਵੜਾ ਸੁਪਰਫਾਸਟ ਦੇ ਡੱਬੇ ਸ਼ਾਮ ਕਰੀਬ 6.55 ਵਜੇ ਪਟੜੀ ਤੋਂ ਉਤਰ ਗਏ, ਜਦੋਂ ਕਿ ਕੋਰੋਮੰਡਲ ਐਕਸਪ੍ਰੈੱਸ ਦੇ ਡੱਬੇ ਸ਼ਾਮ 7 ਵਜੇ ਪਟੜੀ ਤੋਂ ਉਤਰ ਗਏ। ਯਾਨੀ ਇਹ ਘਟਨਾ ਮਹਿਜ਼ ਪੰਜ ਮਿੰਟਾਂ ਵਿੱਚ ਵਾਪਰੀ।
ਤਸਵੀਰਾਂ – ਸ਼ੋਸ਼ਲ ਮੀਡੀਆ